ਲੁਧਿਆਣਾ : ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ‘ਤੇ ਹੋਏ ਤਸ਼ਦੱਦ ਦੇ ਮਾਮਲੇ ‘ਤੇ ਚੱਲ ਰਹੀ ਸਾਰੀ ਹੀ ਕਾਰਵਾਈ ‘ਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਪੈਨੀ ਨਜ਼ਰ ਹੈ ਅਤੇ ਇਸ ਮਾਮਲੇ ਵਿੱਚ ਜਾਰੀ ਕਾਰਵਾਈ ਦੀ ਸਟੇਟਸ ਰਿਪੋਰਟ 4 ਅਗਸਤ ਨੂੰ ਕਮਿਸ਼ਨ ਦੇ ਦਫਤਰ ਵਿਖੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਅੱਜ ਆਪਣੀ ਲੁਧਿਆਣਾ ਫੇਰੀ ਮੌਕੇ ਜਾਰੀ ਕੀਤੇ ਇੱਕ ਬਿਆਨ ਵਿੱਚ ਕੀਤਾ। ਉਹ ਲੁਧਿਆਣਾ ਦੇ ਚੌੜਾ ਬਜ਼ਾਰ ‘ਚ ਸਥਿਤ ਕਸ਼ਮੀਰ ਹਾਊਸ ਵਿਖੇ ਆਪਣੇ ਮਿੱਤਰ ਅਨਮੋਲ ਬੇਰੀ ਨਾਲ ਮੁਲਾਕਾਤ ਕਰਨ ਲਈ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਫਾਈ ਕਰਮਚਰੀਆਂ ‘ਤੇ ਹੋਏ ਇਸ ਤਸ਼ਦੱਦ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸੇ ਦੇ ਚੱਲਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਉਹਨਾਂ ਨੇ ਖੁਦ ਜਾ ਕੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਦਖਲ ਤੋਂ ਬਾਅਦ ਰੈਡ ਕ੍ਰਾਸ ਵੱਲੋਂ ਇਸ ਤਸ਼ਦੱਦ ਦੌਰਾਨ ਜ਼ਖਮੀ ਹੋਏ ਸਫਾਈ ਕਾਮਿਆਂ ਦੇ ਫ੍ਰੀ ਇਲਾਜ ਦੇ ਨਿਰਦੇਸ਼ ਜਾਰੀ ਕੀਤੇ ਗਏ ਜਦਕਿ ਹੋਰ ਖਰਚਿਆਂ ਲਈ ਜ਼ਖਮੀਆਂ ਲਈ 50 ਹਜ਼ਾਰ ਅਤੇ ਗੰਭੀਰ ਜ਼ਖਮੀਆਂ ਦੇ ਇਲਾਜ ਲਈ 01 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਉਪਰਾਲਾ ਹੋਇਆ।
ਨਾਲ ਹੀ ਸਾਰੇ ਹੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਲਈ ਜ਼ਿਲੇ ਤੋਂ ਬਾਹਰ ਡੀ.ਆਈ.ਜੀ ਪੱਧਰ ਦੀ ਐਸ.ਆਈ.ਟੀ ਦਾ ਗਠਨ ਕਰਨ ਲਈ ਵੀ ਕਮਿਸ਼ਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਵਿੱਚ 02 ਅਫਸਰ ਅਨੁਸੂਚਿਤ ਜਾਤਿਆਂ ਨਾਲ ਸਬੰਧਤ ਹੋਣਗੇ ਅਤੇ ਇੱਕ ਮਹਿਲਾ ਅਫਸਰ ਲਾਜ਼ਮੀ ਹੋਣਗੇ। ਸ.ਗੜ੍ਹੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਜੋ ਵੀ ਕਾਰਵਾਈ ਕੀਤੀ ਗਈ ਹੈ ਉਸਦੀ ਸਟੇਟਸ ਰਿਪੋਰਟ ਵੀ 4 ਅਗਸਤ ਨੂੰ ਕਮਿਸ਼ਨ ਦੇ ਦਫਤਰ ਵਿਖੇ ਪੇਸ਼ ਕਰਨ ਲਈ ਹੁਕਮ ਕੀਤੇ ਗਏ ਹਨ।
ਸ. ਗੜ੍ਹੀ ਨੇ ਕਿਹਾ ਕਿ ਲਾਠੀਚਾਰਜ ਕਰਨ ਵਾਲੇ ਪੁਲਿਸ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਲਈ ਕਮਿਸ਼ਨ ਵੱਲੋਂ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਉਹ 12 ਮਹੀਨੇ, 30 ਦਿਨ, ਸਾਰਾ ਹਫਤਾ ਅਤੇ 24 ਘੰਟੇ ਸਮਾਜ ਦੀ ਸੇਵਾ ਲਈ ਹਾਜ਼ਰ ਬੈਠੈ ਹਨ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਲਈ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੇ ਕਿਸੇ ਵੀ ਵਰਗ ਨਾਲ ਜਿੱਥੇ ਵੀ ਕੋਈ ਧੱਕੇਸ਼ਾਹੀ ਹੁੰਦੀ ਹੈ, ਉਸਦੇ ਲਈ ਉਹ ਹਮੇਸ਼ਾ ਹੀ ਤਤਪਰ ਰਹਿੰਦੇ ਹਨ। ਉਨ੍ਹਾਂ ਬਰਨਾਲਾ ਮਾਮਲੇ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਮਿਸ਼ਨ ਇਸ ਗੱਲ ‘ਤੇ ਡਟ ਕੇ ਪਹਿਰਾ ਦੇ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਬਣਦੀ ਅਤੇ ਮਿਸਾਲੀ ਸਜ਼ਾ ਦਵਾਈ ਜਾ ਸਕੇ। ਇਸ ਮੌਕੇ ਅਨਮੋਲ ਬੇਰੀ ਨੇ ਸ. ਜਸਵੀਰ ਸਿੰਘ ਗੜ੍ਹੀ ਦੇ ਸਵਾਗਤ ਕਰਦਿਆਂ ਸਮਾਂ ਕੱਢ ਕੇ ਉਨ੍ਹਾਂ ਦੀ ਦੁਕਾਨ ‘ਤੇ ਪਹੁੰਚਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








