ਪੰਜਾਬ ਦੇ ਗੁਰਦਾਸਪੁਰ ਪੁਲਿਸ ਅਤੇ BSF ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਸਪਲਾਈ ਕਰਨ ਵਾਲੇ 3 ਮੁਲਜਮਾਂ ਦਾ ਪਰਦਾਫਾਸ਼ ਕੀਤਾ ਅਤੇ 1 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜਮਾਂ ਦੀ ਪਛਾਣ ਗੁਰਵਿੰਦਰ ਚੰਦ ਉਰਫ ਕੇਵੜਾ ਵਾਸੀ ਪਿੰਡ ਸਰਜੋਚੱਕ ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੋ ਹੋਰ ਸਾਥੀਆਂ ਦੀ ਪਛਾਣ ਅਜੈ ਮਸੀਹ ਵਾਸੀ ਪਿੰਡ ਲੋਪਾ ਪਕੀਵਾ ਅਤੇ ਮਲਕੀਤ ਸਿੰਘ ਵਾਸੀ ਪਿੰਡ ਨਾਹਰ ਥਾਣਾ ਕਲਾਨੌਰ ਵਜੋਂ ਕੀਤੀ ਗਈ ਹੈ। ਫਰਾਰ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਂਚ ਵਿਚ ਪਤਾ ਲੱਗਿਆ ਹੈ ਕਿ ਤਿੰਨੋਂ ਮੁਲਜ਼ਮਾਂ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਉਹ ਡਰੋਨ ਰਾਹੀਂ ਹੈਰੋਇਨ ਸਪਲਾਈ ਕਰਦੇ ਸਨ। ਮੁਲਜਮਾਂ ਨੂੰ 2 ਲੱਖ ਰੁਪਏ ਪ੍ਰਤੀ ਪੈਕੇਟ ਮਿਲਦਾ ਸੀ। ਇਨ੍ਹਾਂ ਤਿੰਨਾਂ ਨੇ ਪਾਕਿਸਤਾਨ ਦੇ ਬਿੱਟੂ ਤਸਕਰ ਕੋਲੋਂ 8 ਕਿਲੋ ਹੈਰੋਇਨ ਕਿਸੇ ਅਣਪਛਾਤੇ ਵਿਅਕਤੀ ਨੂੰ ਪਿੰਡ ਲਾਲਪੁਰ ਦੇ ਟਿਊਬਵੈੱਲ ਨੇੜੇ ਡਰੋਨ ਤੋਂ ਸੁੱਟ ਕੇ ਸਪਲਾਈ ਕੀਤੀ ਸੀ। ਇਸ ਦੇ ਬਦਲੇ ਉਸ ਨੂੰ 16 ਲੱਖ ਰੁਪਏ ਮਿਲਣੇ ਸਨ। ਜਿਸ ਵਿੱਚੋਂ ਉਸ ਨੂੰ ਮਹਿਜ਼ 6 ਲੱਖ ਰੁਪਏ ਮਿਲੇ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਨਵੇਂ ਸਾਲ ਦੇ ਜਸ਼ਨ ਸਬੰਧੀ ਦਿਸ਼ਾ-ਨਿਰਦੇਸ਼ ਕੀਤੇ ਜਾਰੀ, ਇਨ੍ਹਾਂ ਚੀਜ਼ਾਂ ‘ਤੇ ਲੱਗੀ ਪਾਬੰਦੀ
SSP ਦੀਪਕ ਹਿਲੋਰੀ ਨੇ ਦੱਸਿਆ ਕਿ CIA ਸਟਾਫ ਗੁਰਦਾਸਪੁਰ ਅਤੇ ਥਾਣਾ ਕਲਾਨੌਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੋਟਲੀ ਰੋਡ ਕਲਾਨੌਰ ਵਿਖੇ ਸਪੈਸ਼ਲ ਨਾਕਾਬੰਦੀ ਕਰ ਕੇ ਮੁਲਜ਼ਮ ਗੁਰਵਿੰਦਰ ਚੰਦ ਉਰਫ਼ ਕੇਵਰਾ ਨੂੰ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ’ਤੇ ਜਾਂਦੇ ਹੋਏ ਕਾਬੂ ਕੀਤਾ। ਇਨ੍ਹਾਂ ਹੀ ਨਹੀਂ ਉਸ ਕੋਲੋਂ 3 ਲੱਖ ਰੁਪਏ ਦੀ ਭਾਰਤੀ ਕਰੰਸੀ, ਇੱਕ ਮੋਬਾਈਲ ਫ਼ੋਨ, 2 ਕੈਮੀਕਲ ਸਟਿਕਸ ਵੀ ਬਰਾਮਦ ਹੋਏ ਹਨ। ਉਸ ਦੇ ਕਹਿਣ ‘ਤੇ ਅਜੈ ਮਸੀਹ ਦੇ ਘਰੋਂ 1 ਲੱਖ ਰੁਪਏ ਦੀ ਕਰੰਸੀ ਅਤੇ ਮਲਕੀਤ ਸਿੰਘ ਦੇ ਘਰੋਂ 1.54 ਲੱਖ ਰੁਪਏ ਦੀ ਕਰੰਸੀ ਸਮੇਤ ਕੁੱਲ 5.54 ਲੱਖ ਰੁਪਏ ਡਰੱਗ ਮਨੀ ਵਜੋਂ ਬਰਾਮਦ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁਰਵਿੰਦਰ ਨੇ ਦੱਸਿਆ ਕਿ ਇਸੇ ਮਹੀਨੇ 14, 16, 17, 18 ਦਸੰਬਰ ਨੂੰ ਉਸ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਈ ਸੀ। ਇਨ੍ਹਾਂ ਹੀ ਨਹੀਂ ਤਿੰਨਾਂ ਨੇ ਪਹਿਲਾਂ ਪਾਕਿਸਤਾਨ ਤੋਂ 14 ਕਿਲੋ ਹੈਰੋਇਨ ਅਤੇ 2 ਪਿਸਤੌਲ ਮੰਗਵਾਏ ਸਨ। ਉਸ ਕੋਲੋਂ ਦੋ ਪਿਸਤੌਲ ਬਰਾਮਦ ਹੋਣ ਮਗਰੋਂ 25 ਨਵੰਬਰ ਨੂੰ ਥਾਣਾ ਡੇਰਾ ਬਾਬਾ ਨਾਨਕ ਵਿਖੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪਾਕਿਸਤਾਨੀ ਤਸਕਰ ਬਿੱਟੂ ਕੋਲੋਂ 14 ਕਿਲੋ ਹੈਰੋਇਨ ਖਰੀਦੀ ਗਈ ਸੀ, ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੂੰ ਸਪਲਾਈ ਕੀਤਾ ਗਿਆ ਸੀ।