ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਹਰਿਆਣਾ ਦੇ ਸੋਨੀਪਤ ਦੇ ਖਰਖੌਦਾ ਪੁਲਿਸ ਸਟੇਸ਼ਨ ਦੀ ਇੱਕ ਮਹਿਲਾ ਕਾਂਸਟੇਬਲ ਸਮੇਤ 2 ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਪੁਲਿਸ ਕਰਮਚਾਰੀਆਂ ਸਮੇਤ 7 ਲੋਕ ਜ਼ਖਮੀ ਹੋ ਗਏ। ਪੁਲਿਸ ਦੀ ਟੀਮ ਕੁਝ ਦਿਨ ਪਹਿਲਾਂ ਲਾਪਤਾ ਹੋਈ ਇੱਕ ਨਾਬਾਲਗ ਲੜਕੀ ਨੂੰ ਛੱਤੀਸਗੜ੍ਹ ਤੋਂ ਬਰਾਮਦ ਕਰਕੇ ਵਾਪਸ ਸੋਨੀਪਤ ਜਾ ਰਹੀ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਖਰਖੌਦਾ ਇਲਾਕੇ ਤੋਂ ਇਕ ਨਾਬਾਲਗ ਲੜਕੀ ਲਾਪਤਾ ਹੋ ਗਈ ਸੀ। ਇਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਗਈ ਸੀ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋ ਨੌਜਵਾਨਾਂ ਨੇ ਲੜਕੀ ਨੂੰ ਵਰਗਲਾ ਕੇ ਭਜਾ ਲਿਆ ਸੀ। ਪੁਲਿਸ ਨੂੰ ਛੱਤੀਸਗੜ੍ਹ ਵਿੱਚ ਲੜਕੀ ਦੀ ਲੋਕੇਸ਼ਨ ਦਾ ਪਤਾ ਲੱਗਾ ਹੈ। ਇਸ ‘ਤੋਂ ਬਾਅਦ ਖਰਖੌਦਾ ਥਾਣੇ ਦੇ ASI ਵੇਦਪਾਲ, ASI ਵੀਰਪਾਲ ਅਤੇ ਹੌਲਦਾਰ ਬਬੀਤਾ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਲੜਕੀ ਨੂੰ ਬਰਾਮਦ ਕਰਨ ਲਈ ਅਰਟਿਗਾ ਕਾਰ ਵਿੱਚ ਛੱਤੀਸਗੜ੍ਹ ਗਏ।
ਪੁਲਿਸ ਨੇ ਛਾਪਾ ਮਾਰ ਕੇ ਨਾਬਾਲਗ ਲੜਕੀ ਨੂੰ ਨੌਜਵਾਨਾਂ ਦੇ ਚੁੰਗਲ ਤੋਂ ਛੁਡਵਾਇਆ। ਇਸ ਤੋਂ ਬਾਅਦ ਪੁਲਿਸ ਟੀਮ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੋਨੀਪਤ ਪਰਤ ਰਹੀ ਸੀ। ਵੀਰਵਾਰ ਸਵੇਰੇ ਕਰੀਬ 5 ਵਜੇ ਜਦੋਂ ਪੁਲਿਸ ਟੀਮ ਦੀ ਗੱਡੀ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸਲਾਰਪੁਰ ਅੰਡਰਪਾਸ ਨੇੜੇ ਯਮੁਨਾ ਐਕਸਪ੍ਰੈਸਵੇਅ ‘ਤੇ ਪਹੁੰਚੀ ਤਾਂ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਅੰਡਰਪਾਸ ਨੇੜੇ ਪਲਟ ਗਈ।
ਇਹ ਵੀ ਪੜ੍ਹੋ : CM ਮਾਨ ਦਾ ਸਾਬਕਾ CM ਚੰਨੀ ਨੂੰ ਅਲਟੀਮੇਟਮ- 31 ਮਈ 2 ਵਜੇ ਤੱਕ ਦਾ ਮੌਕਾ ਦਿੰਦਾ ਹਾਂ, ਨਹੀਂ ਫਿਰ…
ਇਸ ਹਾਦਸੇ ‘ਚ ਮਹਿਲਾ ਕਾਂਸਟੇਬਲ ਬਬੀਤਾ, ਵਾਹਨ ਚਾਲਕ ਪ੍ਰਦੀਪ ਵਾਸੀ ਪਿੰਡ ਗੋਪਾਲਪੁਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ASI ਵੀਰਪਾਲ ਤੇ ਵੇਦਪਾਲ ਤੇ ਗੱਡੀ ਵਿੱਚ ਸਵਾਰ ਲੜਕੀ, ਉਸ ਦਾ ਪਿਤਾ, ਚਾਚਾ ਤੇ ਮੁਲਜ਼ਮ ਨੌਜਵਾਨ ਤੇ ਉਸ ਦਾ ਭਰਾ ਜ਼ਖ਼ਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਨਾਲ ਹੀ ਹਾਦਸੇ ਦੀ ਸੂਚਨਾ ਮਿਲਣ ‘ਤੋਂ ਬਾਅਦ ਖਰਖੌਦਾ ਥਾਣੇ ਦੀ ਟੀਮ ਨੋਇਡਾ ਲਈ ਰਵਾਨਾ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: