ਵਿਜੀਲੈਂਸ ਨੇ ਪੰਜਾਬ ਵਣ ਨਿਗਮ ਐੱਸਏਐੱਸ ਨਗਰ ਦਫਤਰ ਵਿਚ ਸਹਾਇਕ ਵਜੋਂ ਕੰਮ ਕਰਦੇ ਗੁਰਦਰਸ਼ਨ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਹੈ। ਸਟੇਟ ਵਿਜੀਲੈਂਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਪ੍ਰਿੰਸ ਵਰਮਾ ਵਾਸੀ ਸੈਕਟਰ-39 ਚੰਡੀਗੜ੍ਹ ਰੋਡ, ਲੁਧਿਆਣਾ ਸਿਟੀ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਬਿਊਰੋ ਨਾਲ ਸੰਪਰਕ ਕੀਤਾ ਸੀ ਤੇ ਦਸ਼ ਲਗਾਇਆ ਸੀ ਕਿ ਉਸ ਦੀ ਫਰਮ ‘ਪੰਜਾਬ ਟਿੰਬਰ’ ਗਣੇਸ਼ ਬਿਲਡਰਸ, ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਚੌਕ ਤੋਂ ਲੈ ਕੇ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਕਾਰੀਡੋਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਦਰੱਖਤਾਂ ਨੂੰ ਕੱਟਣ ਦਾ ਕੰਮ ਸੌਂਪਿਆ ਗਿਆ ਸੀ।
ਸ਼ਿਕਾਇਤਕਰਤਾ ਨੇ ਅੱਗੇ ਖੁਲਾਸਾ ਕੀਤਾ ਕਿ ਉਕਤ ਮਾਮਲੇ ਵਿੱਚ ਰਾਜ ਵਣ ਨਿਗਮ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਲਈ ਉਕਤ ਦਫ਼ਤਰੀ ਸਹਾਇਕ ਗੁਰਦਰਸ਼ਨ ਸਿੰਘ ਨੇ ਉਸ (ਸ਼ਿਕਾਇਤਕਰਤਾ) ਤੋਂ ਉਸ ਦੀ ਫਰਮ ਨੂੰ ਅਲਾਟ ਕੀਤੇ ਕੰਮ ਦਾ 1.5% (ਕੁੱਲ 6,00,000 ਰੁਪਏ) ਦਾ ਕਮਿਸ਼ਨ ਮੰਗਿਆ। ਉਸ ਨੇ ਇਹ ਵੀ ਦੱਸਿਆ ਕਿ ਉਕਤ ਦੋਸ਼ੀ ਪਹਿਲਾਂ ਵੀ ਇਸ ਸਬੰਧੀ ਉਸ ਤੋਂ 10,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਉਕਤ ਸ਼ਿਕਾਇਤ ਵਿਚ ਦੋਸ਼ਾਂ ਦੀ ਪੁਸ਼ਟੀ ਕਰਨ ਦੇ ਬਾਅਦ ਆਰਥਿਕ ਅਪਰਾਧ ਸ਼ਾਖਾ ਪੰਜਾਬ ਦੀ ਇਕ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਦੋਸ਼ੀ ਮੁਲਾਜ਼ਮ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਇਸ ਸਬੰਧੀ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਕਾਨੂੰਨ ਰੋਕੂ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: