ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪਿੰਡ ਵੈਰੋਵਾਲ ਬਾਵੀਆਂ, ਬਲਾਕ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਅਤੇ ਪੰਚਾਇਤ ਸਕੱਤਰ ਬਲਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਦੇ ਆਧਾਰ ‘ਤੇ ਬਿਊਰੋ ਦੀ ਤਕਨੀਕੀ ਟੀਮ ਨੇ ਸਾਲ 2013 ਅਤੇ 2017 ਦੌਰਾਨ ਗ੍ਰਾਮ ਪੰਚਾਇਤ ਵੈਰੋਵਾਲ ਬਾਵੀਆਂ, ਜ਼ਿਲ੍ਹਾ ਤਰਨਤਾਰਨ ਨੂੰ ਪ੍ਰਾਪਤ ਹੋਏ ਵਿਕਾਸ ਫੰਡਾਂ ਵਿੱਚ ਹੋਏ ਗਬਨ ਸਬੰਧੀ ਜਾਂਚ ਕੀਤੀ ਹੈ, ਜਿਸ ਦੌਰਾਨ ਪਤਾ ਲੱਗਾ ਹੈ ਕਿ ਗ੍ਰਾਮ ਪੰਚਾਇਤ ਨੂੰ ਕੁੱਲ 47,47,373 ਲੱਖ ਰੁਪਏ ਦੇ ਸਰਕਾਰੀ ਫੰਡ ਪ੍ਰਾਪਤ ਹੋਏ ਸਨ। ਅਤੇ ਸ਼ਾਮਲਾਟ ਜ਼ਮੀਨ ‘ਤੇ ਠੇਕੇ ਤੋਂ ਪਿੰਡ ਦੀ ਪੰਚਾਇਤ ਨੂੰ 24,75,000 ਰੁਪਏ ਮਿਲੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਉਕਤ ਪੰਚਾਇਤ ਨੂੰ ਕੁੱਲ ਰਾਸ਼ੀ 72,22,373 ਪ੍ਰਾਪਤ ਹੋਈ ਅਤੇ 63,62,522 ਰੁਪਏ ਖਰਚ ਕੀਤੇ। ਜਿਸ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਪੰਚਾਇਤ ਸਕੱਤਰ ਬਲਰਾਜ ਸਿੰਘ ਨਾਲ ਮਿਲੀਭੁਗਤ ਕਰਕੇ ਪੰਚਾਇਤੀ ਫੰਡਾਂ ਵਿਚ 8,59,851 ਰੁਪਏ ਦਾ ਗਬਨ ਕੀਤਾ ਗਿਆ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 (1) (ਏ), 13 (2) ਅਤੇ ਆਈਪੀਸੀ ਦੀ ਧਾਰਾ 409, 420, 467, 468, 471, 201, 102-ਬੀ ਤਹਿਤ ਅੰਮ੍ਰਿਤਸਰ ਵਿਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: