ਭਾਰਤ ਦੀ ਪੁਰਸ਼ ਤੇ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਦੋਵੇਂ ਟੀਮਾਂ ਨੇ ਖੋ-ਖੋ ਦਾ ਪਹਿਲਾ ਵਰਲਡ ਕੱਪ ਜਿੱਤ ਲਿਆ ਹੈ। ਭਾਰਤੀ ਪੁਰਸ਼ ਤੇ ਮਹਿਲਾ ਟੀਮ ਦੋਵੇਂ ਨੇਪਾਲ ਨੂੰ ਹਰਾ ਕੇ ਵਰਲਡ ਚੈਂਪੀਅਨ ਬਣੀ ਹੈ। ਦੱਸ ਦੇਈਏ ਕਿ ਖੋ-ਖੋ ਵਰਲਡ ਕੱਪ 13 ਤੋਂ 19 ਜਨਵਰੀ ਤੱਕ ਦਿੱਲੀ ਵਿਚ ਖੇਡਿਆ ਗਿਆ। ਭਾਰਤ ਦੀਆਂ ਦੋਵੇਂ ਟੀਮਾਂ ਟੂਰਨਾਮੈਂਟ ਵਿਚ ਅਜੇਤੂ ਰਹੀਆਂ ਜਦੋਂ ਕਿ ਨੇਪਾਲ ਦੀਆਂ ਦੋਵੇਂ ਟੀਮਾਂ ਨੂੰ ਭਾਰਤ ਖਿਲਾਫ ਹੀ ਹਾਰ ਦਾ ਸਾਹਮਣਾ ਕਰਨਾ ਪਿਆ।
PM ਮੋਦੀ ਨੇ ਭਾਰਤੀ ਟੀਮਾਂ ਨੂੰ ਪਹਿਲਾ ਖੋ-ਖੋ ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ- “ਇਹ ਇਤਿਹਾਸਕ ਜਿੱਤ ਉਨ੍ਹਾਂ ਦੇ ਬੇਮਿਸਾਲ ਹੁਨਰ, ਦ੍ਰਿੜ੍ਹ ਸਕੰਲਪ ਤੇ ਟੀਮ ਵਰਕ ਦਾ ਨਤੀਜਾ ਹੈ। ਇਸ ਜਿੱਤ ਨਾਲ ਦੇਸ਼ ਭਰ ਦੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਣਾ ਮਿਲੇਗੀ। ਆਸ ਹੈ ਕਿ ਇਹ ਪ੍ਰਾਪਤੀ ਆਉਣ ਵਾਲੇ ਸਮੇਂ ‘ਚ ਹੋਰ ਨੌਜਵਾਨਾਂ ਲਈ ਇਸ ਖੇਡ ਨੂੰ ਅਪਨਾਉਣ ਦਾ ਰਾਹ ਪੱਧਰਾ ਕਰੇਗੀ”
ਪੁਰਸ਼ ਟੀਮ ਨੇ ਫਾਈਨਲ ਮੁਕਾਬਲੇ ‘ਚ ਨੇਪਾਲ ਨੂੰ 54-36 ਨਾਲ ਮਾਤ ਦਿੱਤੀ ਤੇ ਮਹਿਲਾ ਟੀਮ ਨੇ ਫਾਈਨਲ ‘ਚ ਨੇਪਾਲ ਨੂੰ 78-40 ਦੇ ਫ਼ਰਕ ਨਾਲ ਹਰਾਇਆ। ਪੁਰਸ਼ ਫਾਈਨਲ ਵਿਚ ਨੇਪਾਲ ਨੇ ਟੌਸ ਜਿੱਤ ਕੇ ਡਿਫੈਂਸ ਚੁਣਿਆ। ਪਹਿਲੀ ਪਾਰੀ ਵਿਚ ਭਾਰਤ ਨੇ 26 ਪੁਆਇੰਟਸ ਹਾਸਲ ਕੀਤੇ ਜਦੋਂ ਕਿ ਨੇਪਾਲ ਨੂੰ ਇਕ ਵੀ ਪੁਆਇੰਟ ਨਹੀਂ ਮਿਲਿਆ। ਟੀਮ ਇੰਡੀਆ ਨੇਪਾਲ ਨੂੰ ਇਕ ਵਾਰ ਆਲਆਊਟ ਕਰਨ ਵਿਚ ਸਫਲ ਰਹੀ। ਭਾਰਤ ਨੇ ਪਹਿਲੀ ਪਾਰੀ ਵਿਚ 26-0 ਦੀ ਬੜ੍ਹਤ ਲਈ। ਦੂਜੀ ਪਾਰੀ ਵਿਚ ਨੇਪਾਲ ਨੇ ਚੇਜ ਕੀਤਾ ਤੇ ਟੀਮ ਨੇ 18 ਪੁਆਇੰਟਸ ਲਏ। ਹਾਫ ਟਾਈਮ ਦੇ ਬਾਅਦ ਸਕੋਰ 26-18 ਨਾਲ ਭਾਰਤ ਦੇ ਪੱਖ ਵਿਚ ਰਿਹਾ।
ਤੀਜੀ ਪਾਰੀ ਵਿਚ ਭਾਰਤ ਨੇ 28 ਪੁਆਇੰਟਸ ਹਾਸਲ ਕੀਤੇ। ਨੇਪਾਲ ਦੀ ਟੀਮ 4 ਮਿੰਟ ਦੇ ਅੰਦਰ ਹੀ ਆਲਆਊਟ ਹੋ ਗਈ। ਟੀਮ ਇਕ ਵੀ ਡ੍ਰੀਨ ਰਨ ਨਹੀਂ ਬਣਾ ਸਕੀ। ਤੀਜੇ ਟਰਨ ਦੇ ਬਾਅਦ ਭਾਰਤ ਨੇ 54-18 ਦੇ ਫਰਕ ਨਾਲ ਬੜ੍ਹਤ ਬਣਾਈ। ਚੌਥੇ ਟਰਨ ਵਿਚ ਨੇਪਾਲ ਦੀ ਟੀਮ 18 ਹੀ ਪੁਆਇੰਟਸ ਲੈ ਸਕੀ ਤੇ ਭਾਰਤ ਨੇ 54-36 ਦੇ ਫਰਕ ਨਾਲ ਵਰਲਡ ਕੱਪ ਜਿੱਤ ਲਿਆ।
ਇਸੇ ਤਰ੍ਹਾਂ ਮਹਿਲਾ ਖੋ-ਖੋ ਫਾਈਨਲ ਵਿਚ ਨੇਪਾਲ ਨੇ ਟੌਸ ਜਿੱਤ ਕੇ ਡਿਫੈਂਸ ਕਰਨਾ ਚੁਣਿਆ। ਭਾਰਤ ਨੇ ਪਹਿਲੀ ਪਾਰੀ ਵਿਚ ਇਕ ਤਰਫਾ ਦਬਦਬਾ ਦਿਖਾਇਆ ਤੇ 34 ਪੁਆਇੰਟਸ ਹਾਸਲ ਕੀਤੇ। ਦੂਜੀ ਪਾਰੀ ਵਿਚ ਨੇਪਾਲ ਨੇ ਚੇਜ ਕੀਤਾ ਤੇ 24 ਪੁਆਇੰਟਸ ਲਏ। ਇਸ ਟਰਨ ਵਿਚ ਭਾਰਤ ਨੂੰ ਵੀ ਇਕ ਪੁਆਇੰਟ ਮਿਲ ਗਿਆ। ਹਾਫ ਟਾਈਮ ਦੇ ਬਾਅਦ ਭਾਰਤ ਨੇ 35-24 ਦੇ ਫਰਕ ਨਾਲ ਬੜ੍ਹਤ ਬਣਾਈ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਹਿਮਾਨੀ ਮੋਰ ਨਾਲ ਲਏ ਸੱਤ ਫੇਰੇ, ਪੋਸਟ ਕਰ ਲਿਖਿਆ-‘ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ’
ਤੀਜੀ ਪਾਰੀ ਵਿਚ ਭਾਰਤ ਨੇ ਬੜ੍ਹਤ ਦਾ ਫਰਕ ਹੋਰ ਵੀ ਜ਼ਿਆਦਾ ਕਰ ਲਿਆ। ਟੀਮ ਨੇ ਇਸ ਟਰਨ ਵਿਚ 38 ਪੁਆਇੰਟਸ ਹਾਸਲ ਕੀਤੇ ਤੇ 73-24 ਨਾਲ ਸਕੋਰ ਆਪਣੇ ਹੱਕ ਵਿਚ ਕਰ ਲਿਆ। ਚੌਥੀ ਤੇ ਆਖਰੀ ਪਾਰੀ ਵਿਚ ਨੇਪਾਲ 16 ਹੀ ਪੁਆਇੰਟਸ ਲੈ ਸਕੀ ਜਦੋਂ ਕਿ ਭਾਰਤ ਨੇ 5 ਪੁਆਇੰਟਸ ਹਾਸਲ ਕਰ ਲਏ। 78-40 ਦੀ ਸਕੋਰ ਲਾਈਨ ਨਾਲ ਫਾਈਨਲ ਖਤਮ ਹੋਇਆ ਤੇ ਇੰਡੀਆ ਮਹਿਲਾ ਟੀਮ ਪਹਿਲੇ ਵਰਲਡ ਕੱਪ ਦੀ ਚੈਂਪੀਅਨ ਬਣ ਗਈ।
ਵੀਡੀਓ ਲਈ ਕਲਿੱਕ ਕਰੋ -:
