ਭਗਤ ਸਿੰਘ ਕੋਸ਼ਯਾਰੀ ਨੇ ਮਹਾਰਾਸ਼ਟਰ ਦੇ ਰਾਜਪਾਲ ਦੇ ਅਹੁਦੇ ਤੋਂ ਹਟਣ ਦੀ ਇੱਛਾ ਪ੍ਰਗਟਾਈ ਹੈ। ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਕਿਹਾ ਕਿ ਮੈਂ ਪੀਐੱਮ ਨੂੰ ਆਪਣੀਆਂ ਸਾਰੀਆਂ ਰਾਜਨੀਤਕ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਇੱਛਾ ਤੋਂ ਜਾਣੂ ਕਰਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਹੁਣੇ ਜਿਹੇ ਮੁੰਬਈ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਹਟਣ ਦੀ ਆਪਣੀ ਇੱਛਾ ਬਾਰੇ ਦੱਸਿਆ ਸੀ।
ਰਾਜਪਾਲ ਕੋਸ਼ਯਾਰੀ ਨੇ ਆਪਣਾ ਬਾਕੀ ਦਾ ਜੀਵਨ ਪੜ੍ਹਨ, ਲਿਖਣ ਅਤੇ ਹੋਰ ਮਨੋਰੰਜਨ ਦੀਆਂ ਗਤੀਵਿਧੀਆਂ ਵਿਚ ਬਿਤਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕੋਸ਼ਯਾਰੀ ਨੇ ਕਿਹਾ, “ਮਹਾਰਾਸ਼ਟਰ ਵਰਗੇ ਮਹਾਨ ਰਾਜ – ਸੰਤਾਂ, ਸਮਾਜ ਸੁਧਾਰਕਾਂ ਅਤੇ ਬਹਾਦਰ ਸੈਨਾਨੀਆਂ ਦੀ ਧਰਤੀ ਦੇ ਰਾਜ ਸੇਵਕ ਜਾਂ ਰਾਜਪਾਲ ਵਜੋਂ ਸੇਵਾ ਕਰਨਾ ਮੇਰੇ ਲਈ ਪੂਰਨ ਸਨਮਾਨ ਤੇ ਖੁਸ਼ੀ ਦੀ ਗੱਲ ਸੀ।
ਬਿਆਨ ਵਿਚ ਰਾਜਪਾਲ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਵੱਧ ਸਮੇਂ ਦੌਰਾਨ ਮਹਾਰਾਸ਼ਟਰ ਦੀ ਜਨਤਾ ਤੋਂ ਮਿਲੇ ਪਿਆਰ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੈਨੂੰ ਮਾਣਯੋਗ ਪ੍ਰਧਾਨ ਮੰਤਰੀ ਤੋਂ ਹਮੇਸ਼ਾ ਪਿਆਰ ਮਿਲਿਆ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਕਈ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹੇ ਹਨ। ਉਨ੍ਹਾਂ ‘ਤੇ ਵਿਰੋਧੀਆਂ ਨੇ ਪੱਖਪਾਤ ਹੋਣ ਦਾ ਵੀ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਮਾਈਨਿੰਗ ਦੇ ਸਾਰੇ ਟੈਂਡਰ ਕੀਤੇ ਰੱਦ, ਰੇਤਾ-ਬੱਜਰੀ ਦੇ ਘਟਣਗੇ ਭਾਅ
ਹੁਣੇ ਜਿਹੇ ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਲੈ ਕੇ ਬਿਆਨ ਦਿੱਤਾ ਸੀ ਜਿਸ ਦੇ ਬਾਅਦ ਵਿਰੋਧੀਆਂ ਦੇ ਨਾਲ-ਨਾਲ ਸੂਬਾ ਸਰਕਾਰ ਦੇ ਕਈ ਨੇਤਾਵਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ। ਰਾਜਪਾਲ ਕੋਸ਼ਯਾਰੀ ਨੇ ਬੀਤੇ ਸਾਲ ਨਵੰਬਰ ਵਿਚ ਕਿਹਾ ਸੀ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਪੁਰਾਣੇ ਦਿਨਾਂ ਦੇ ਆਈਕਾਨ ਸਨ। ਸੂਬੇ ਵਿਚ ਆਈਕਾਨ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਜ਼ਿਕਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: