ਹੁਣ ਇਲਾਜ ਦੇ ਬਹਾਨੇ ਕੈਦੀ ਜੇਲ੍ਹਾਂ ਤੋਂ ਭੱਜ ਨਹੀਂ ਸਕਣਗੇ। ਪੰਜਾਬ ਪੁਲਿਸ ਹੁਣ ਜੇਲ੍ਹਾਂ ਦੇ ਅੰਦਰ ਹੀ ਵੱਡੇ ਹਸਪਤਾਲ ਬਣਾਉਣ ਦੀ ਤਿਆਰੀ ਵਿਚ ਹੈ। ਜਿਥੇ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਸਾਰੀਆਂ ਸਿਹਤ ਸਹੂਲਤਾਂ ਮਿਲਣਗੀਆਂ। ਇਸੇ ਤਹਿਤ ਗੁਰਦਾਸਪੁਰ ਜੇਲ੍ਹ ਵਿਚ ਹਸਪਤਾਲ ਬਣਾਇਆ ਜਾਵੇਗਾ। ਪੰਜਾਬ ਪੁਲਿਸ ਹਾਊਸ ਕਾਰਪੋਰੇਸ਼ਨ ਵਿਭਾਗ ਨੇ ਇਸ ਦਿਸ਼ਾ ਵਿਚ ਕਦਮ ਵਧਾ ਦਿੱਤਾ ਹੈ। ਇਹ ਕੰਮ ਪ੍ਰਾਈਵੇਟ ਕੰਪਨੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਪ੍ਰਾਜੈਕਟ ‘ਤੇ 2 ਕਰੋੜ ਰੁਪਏ ਦੀ ਲਾਗਤ ਆਏਗੀ। ਫਰਵਰੀ ਵਿਚ ਕੰਮ ਸ਼ੁਰੂ ਹੋ ਜਾਵੇਗਾ। 12 ਮਹੀਨੇ ਵਿਚ ਇਹ ਹਸਪਤਾਲ ਬਣ ਕੇ ਤਿਆਰ ਹੋ ਜਾਵੇਗਾ।
ਸੂਬੇ ਦੀਆਂ ਜੇਲ੍ਹਾਂ ਦੇ ਕਾਇਆਕਲਪ ਕਰਨ ਨੂੰ ਲੈ ਕੇ ਸਰਕਾਰ ਕਾਫੀ ਸਮੇਂ ਤੋਂ ਕਈ ਪ੍ਰਾਜੈਕਟਾਂ ‘ਤੇ ਕੰਮ ਕਰ ਰਹੀ ਹੈ। ਇਸ ਵਿਭਾਗ ਨੂੰ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇਖ ਰਹੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਜੇਲ੍ਹਾਂ ਦਾ ਦੌਰਾ ਕਰਕੇ ਸਾਰੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਫ ਕੀਤਾ ਸੀ ਕਿ ਜੇਲ੍ਹਾਂ ਨੂੰ ਸੁਧਾਰਿਆ ਜਾਵੇਗਾ ਤੇ ਨਾਲ ਹੀ ਕੈਦੀਆਂ ਨੂੰ ਜੇਲ੍ਹਾਂ ਦੇ ਅੰਦਰ ਹੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਗੁਰਦਾਸਪੁਰ ਜੇਲ੍ਹ ਵਿਚ ਹਸਪਤਾਲ ਬਣਾਉਣ ਦੇ ਪਿੱਛੇ ਦਾ ਤਰਕ ਇਹ ਵੀ ਹੈ ਕਿ ਇਲਾਕਾ ਸਰਹੱਦੀ ਹੈ। ਨਾਲ ਹੀ ਚੰਡੀਗੜ੍ਹ ਵਰਗੇ ਸ਼ਹਿਰ ਦੂਰ ਹਨ। ਜੇਲ੍ਹ ਵਿਚ ਗੰਭੀਰ ਅਪਰਾਧੀ ਬੰਦ ਹਨ। ਹਸਪਤਾਲ ਲਈ ਜਗ੍ਹਾ ਤੇ ਨਿਸ਼ਾਨਦੇਹੀ ਤੇ ਨਕਸ਼ਾ ਤਿਆਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਟੀਮ ਇੰਡੀਆ ਦਾ ਧਮਾਲ, ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ, ਰਾਹੁਲ ਨੇ ਕੀਤਾ ਕਮਾਲ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੰਮ ਨਿੱਜੀ ਕੰਪਨੀਆਂ ਤੋਂ ਕਰਵਾਉਣ ਦੇ ਪਿੱਛੇ ਕੋਸ਼ਿਸ਼ ਇਹੀ ਹੈ ਕਿ ਇਸ ਨੂੰ ਤੈਅ ਸਮੇਂ ਵਿਚ ਪੂਰਾ ਕੀਤਾ ਜਾਵੇ। ਖੁਦ ਉੱਚ ਅਧਿਕਾਰੀ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ। DGP ਗੌਰਵ ਯਾਦਵ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਜੇਲ੍ਹਾਂ ਨੂੰ ਸੁਧਾਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਦਿਸ਼ਾ ਵਿਚ ਉਕਤ ਪ੍ਰਾਜੈਕਟ ‘ਤੇ ਕੰਮ ਕੀਤਾ ਜਾ ਰਿਹਾ ਹੈ।
ਹੁਸ਼ਿਆਰਪੁਰ ਜੇਲ੍ਹ ਵਿਚ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਇਕ ਪੈਟਰੋਲ ਪੰਪ ਖੋਲ੍ਹਿਆ ਹੈ। ਇਹ ਇੰਡੀਅਨ ਆਇਲ ਕੰਪਨੀ ਦੇ ਸਹਿਯੋਗ ਨਾਲ ਖੋਲ੍ਹਿਆ ਗਿਆ। ਇਸ ਵਿਚ ਸਾਰਾ ਕੰਮ ਜੇਲ੍ਹ ਵਿਚ ਬੰਦ ਕੈਦੀ ਹੀ ਕਰਦੇ ਹਨ। ਇਸੇ ਤਰ੍ਹਾਂ ਲੁਧਿਆਣਾ ਜੇਲ੍ਹ ਵਿਚ ਵੀ ਖੋਲ੍ਹਿਆ ਗਿਆ ਸੀ। ਸਰਕਾਰ ਦੀ ਯੋਜਨਾ ਹੈ ਕਿ ਚੰਡੀਗੜ੍ਹ ਪੁਲਿਸ ਦੀ ਤਰਜ ‘ਤੇ ਇਕ ਸ਼ੋਅਰੂਮ ਖੋਲ੍ਹਿਆ ਜਾਵੇ ਜਿਥੇ ਕੈਦੀਆਂ ਵੱਲੋਂ ਤਿਆਰ ਸਾਮਾਨ ਨੂੰ ਵੇਚਿਆ ਜਾਵੇ। ਇਸ ਨਾਲ ਜਿਥੇ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਸਰਕਾਰ ਨੂੰ ਆਮਦਨੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: