ਤਰਨਤਾਰਨ ਦੇ ਸਰਹਾਲੀ ਕਲਾਂ ਥਾਣੇ ‘ਤੇ ਹੋਏ ਆਰਪੀਜੀ ਹਮਲੇ ਬਾਰੇ ਡੀਜੀਪੀ ਗੌਰਵ ਯਾਦਵ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਪਾਕਿਸਤਾਨ ਦੀਆਂ ਡਰੋਨ ਸਰਗਰਮੀਆਂ ਨੂੰ ਨਾਕਾਮ ਕਰਨ ਤੋਂ ਬਾਅਦ ਬੌਖਲਾਹਟ ਵਿਚ ਆਏ ਪਾਕਿਸਤਾਨ ਨੇ ਇਹ ਸਾਜ਼ਿਸ਼ ਰਚੀ ਸੀ।
ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ UAPA ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਕੁਝ ਲੋਕਾਂ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ ਬਾਰੇ ਡੀਜੀਪੀ ਨੇ ਕਿਹਾ ਕਿ ਡਰੋ ਨਾ, ਪੁਲਿਸ ਦਾ ਸਾਥ ਦਿਉ, ਧਮਕੀ ਜਾਂ ਫਿਰੌਤੀ ਭਰੀ ਕੋਈ ਕਾਲ ਆਉਂਦੀ ਹੈ ਤਾਂ ਪੁਲਿਸ ਨੂੰ ਰਿਪੋਰਟ ਕਰੋ। ਪੰਜਾਬ ਪੁਲਿਸ ਤੁਹਾਡੀ ਮਦਦ ਲਈ ਦਿਨ-ਰਾਤ ਤੁਹਾਡੇ ਨਾਲ ਖੜ੍ਹੀ ਹੈ।
ਜ਼ਿਕਰਯੋਗ ਹੈ ਕਿ ਤਰਨਤਾਰਨ ‘ਚ ਕੁਝ ਅਣਪਛਾਤੇ ਬਦਮਾਸ਼ਾਂ ਨੇ ਪੁਲਿਸ ਸਟੇਸ਼ਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਜ਼ਿਲ੍ਹੇ ਦੇ ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਸਥਿਤ ਸਰਹਾਲੀ ਥਾਣੇ ‘ਤੇ ਸ਼ਨੀਵਾਰ ਤੜਕੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਰਾਤ ਨੂੰ ਕੁਝ ਬਦਮਾਸ਼ਾਂ ਨੇ ਇਹ ਹਮਲਾ ਕੀਤਾ। ਜਦੋਂ ਰਾਕੇਟ ਨੇ ਥਾਣੇ ‘ਤੇ ਹਮਲਾ ਕੀਤਾ ਤਾਂ ਉੱਥੇ ਕੋਈ ਮੌਜੂਦ ਨਹੀਂ ਸੀ। ਇਸੇ ਕਾਰਨ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਹਾਲਾਂਕਿ ਹਮਲੇ ਕਾਰਨ ਥਾਣੇ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਬਰਾੜ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ ਬਾਹਰ
ਜਾਣਕਾਰੀ ਮੁਤਾਬਕ ਰਾਕੇਟ ਥਾਣੇ ਦੇ ਬਾਹਰੋਂ ਅੰਦਰ ਸੁੱਟਿਆ ਗਿਆ। ਰਾਕੇਟ ਹਮਲੇ ਕਾਰਨ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤਰਨਤਾਰਨ ਪੁਲਿਸ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਹਮਲਾ ਅੱਧੀ ਰਾਤ ਨੂੰ ਕਰੀਬ 1 ਵਜੇ ਹੋਇਆ। ਰਾਕੇਟ ਗੇਟ ਨਾਲ ਟਕਰਾ ਗਿਆ, ਜਿਸ ਕਾਰਨ ਇਮਾਰਤ ਨੂੰ ਮਾਮੂਲੀ ਨੁਕਸਾਨ ਹੋਇਆ। ਇਹ ਹਮਲਾ ਤਰਨਤਾਰਨ ਦੇ ਸਾਂਝ ਕੇਂਦਰ (ਸਰਹਾਲੀ ਥਾਣਾ) ਦੀ ਇਮਾਰਤ ‘ਤੇ ਹੋਇਆ, ਜੋ ਲੋਕਾਂ ਦੀਆਂ ਸਹੂਲਤਾਂ ਲਈ ਬਣਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸਾਂਝ ਕੇਂਦਰ ਵਿੱਚ ਦੇਰ ਰਾਤ ਤੱਕ ਕੋਈ ਸਟਾਫ਼ ਮੌਜੂਦ ਨਹੀਂ ਸੀ। ਇਸ ਕਾਰਨ ਇਸ ਹਮਲੇ ਦਾ ਜ਼ਿਆਦਾ ਅਸਰ ਨਹੀਂ ਹੋਇਆ। ਜੇ ਇਹ ਹਮਲਾ ਦਿਨ ਵੇਲੇ ਹੋਇਆ ਹੁੰਦਾ ਤਾਂ ਜਾਨੀ ਨੁਕਸਾਨ ਦੇ ਨਾਲ-ਨਾਲ ਭਾਰੀ ਨੁਕਸਾਨ ਹੋਣ ਦਾ ਖਤਰਾ ਬਣ ਸਕਦਾ ਸੀ।