ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੈਬਨਿਟ ਬੈਠਕ ਵਿਚ ਲਏ ਗਏ ਕਈ ਵੱਡੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਬਕਾਰੀ ਵਿਭਾਗ ਵਿਚ 18 ਨਵੇਂ ਅਹੁਦੇ ਕੱਢਣ ਦੀ ਤਿਆਰੀ ਹੈ। ਰਾਜਕੀ ਆਯੁਰਵੈਦਿਕ ਹਸਪਤਾਲ, ਕਾਲਜ ਪਟਿਆਲਾ ਫਾਰਮੇਸੀ ਦੀ ਸ਼ੁਰੂਆਤ ਕੀਤੀ ਜਾਵੇਗੀ ਜੋ ਕਿ ਗੁਰੂ ਰਵਿਦਾਸ ਆਯੁਰਵੇਦ ਹੁਸ਼ਿਆਰਪੁਰ ਯੂਨੀਵਰਸਿਟੀ ਤਹਿਤ ਚੱਲਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਮਾਲ ਪਟਵਾਰੀ ਦੇ ਟ੍ਰੇਨਿੰਗ ਸਮੇਂ ਵਿਚ ਵੱਡਾ ਬਦਲਾਅ ਕੀਤਾ ਹੈ। ਮਾਲ ਪਟਵਾਰੀ ਦਾ ਟ੍ਰੇਨਿੰਗ ਸਮਾਂ ਡੇਢ ਸਾਲ ਤੋਂ ਘਟਾ ਕੇ 1 ਸਾਲ ਕਰ ਦਿੱਤਾ ਗਿਆ ਹੈ ਤੇ ਉਹ 1 ਸਾਲ ਸੇਵਾਵਾਂ ਦੇ ਰੂਪ ਵਿਚ ਮੰਨਿਆ ਜਾਵੇਗਾ।
CM ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਰਤੀ ਹੋਣ ਵਾਲੇ ਮਾਲ ਪਟਵਾਰੀਆਂ ਨੂੰ ਇਹ ਛੋਟ ਦਿੱਤੀ ਗਈ ਹੈ। ਰੈਵੇਨਿਊ ਵਿਭਾਗ ਵਿਚ ਕਾਫੀ ਲਿਖਤ ਰਿਕਾਰਡ ਹੁੰਦਾ ਹੈ, ਇਕ ਛੋਟੀ ਗਲਤੀ ਵੀ ਵੱਡੀ-ਵੱਡੀ ਫਰਦ ਵਿਚ ਫਰਕ ਲਿਆ ਦਿੰਦੀ ਹੈ, ਇਸ ਲਈ ਟ੍ਰੇਨਿੰਗ ਜ਼ਰੂਰੀ ਹੈ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਨੂੰ ਵਾਪਸ ਮਿਲੇ 582 ਵੈਟਰਨਰੀ ਹਸਪਤਾਲ ਵਿਚ ਬਤੌਰ ਸਰਵਿਸ ਪ੍ਰੋਵਾਈਡਰ 497 ਸਫਾਈ ਸੇਵਕ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਸਫਾਈ ਸੇਵਕ ਘੱਟੋ-ਘੱਟ ਮਜ਼ਦੂਰੀ ਲੈ ਰਹੇ ਹਨ ਤੇ ਕੁਝ ਨੂੰ ਘੱਟੋ-ਘੱਟ ਮਜ਼ਦੂਰੀ ਤੋਂ ਵੀ ਘੱਟ ਲੈਵਲ 6000 ਰੁਪਏ ਦਿੱਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਨੇ ਹੁਣ ਉਨ੍ਹਾਂ ਦੀ ਨੌਕਰੀ ਵਿਚ ਇਕ ਸਾਲ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਸਾਰੇ ਸਫਾਈ ਸੇਵਕਾਂ ਨੂੰ ਇਕੋ ਜਿਹਾ ਵੇਤਨ ਦਿੱਤਾ ਜਾਵੇਗਾ।
CM ਮਾਨ ਨੇ ਕਿਹਾ ਕਿ ਉਨ੍ਹਾਂ ਨੇ PAU ਮਾਸਟਰ ਕੇਡਰ ਦੇ ਵਿਗਿਆਨਕਾਂ ਨੂੰ ਯੂਜੀਸੀ ਮੁਤਾਬਕ ਤਨਖਾਹ ਸਕੇਲ ਦਿੱਤਾ ਸੀ। ਹੁਣ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ਜਾਂ ਉਨ੍ਹਾਂ ਦੇ ਸਮਾਨ ਕੇਡਰ/ਸਟਾਫ ਦੇ ਮੁਲਾਜ਼ਮਾਂ ਨੂੰ ਵੀ ਯੂਜੀਸੀ ਦੇ ਸੋਧੇ ਹੋਏ ਤਨਖਾਹ ਸਕੇਲ ਦੇ ਦਾਇਰੇ ਵਿਚ ਲਿਾਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੀ ਵਾਰੀ ਪੀਟੀਯੂ ਦੀ ਹੈ, ਜਿਸ ਦੇ ਪੱਖ ਵਿਚ ਫੈਸਲਾ ਲਿਆ ਜਾਵੇਗਾ।
ਮਾਨਸਾ ਗੋਬਿੰਦਪੁਰ ਵਿਚ ਬਿਜਲੀ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ ਪਰ ਲੰਬੇ ਸਮੇਂ ਤੱਕ ਉਸ ‘ਤੇ ਕੁਝ ਨਹੀਂ ਕੀਤਾ ਜਾ ਸਕਿਆ। ਪੰਜਾਬ ਸਰਕਾਰ ਨੇ ਹੁਣ ਇਸ ਜ਼ਮੀਨ ‘ਤੇ ਸੋਲਰ ਤੇ ਰਿਨਿਊਲ ਐਨਰਜੀ ਲਈ ਮਨਜ਼ੂਰੀ ਦਿੱਤੀ ਹੈ। ਜਲੰਧਰ ਤੋਂ ਸਾਂਸਦ ਸੁਸ਼ੀਲ ਰਿੰਕੂ ਨੇ ਅਜੇ ਸਹੁੰ ਨਹੀਂ ਚੁੱਕੀ ਹੈ ਪਰ ਲੋਕਾਂ ਦੀਆਂ ਉਮੀਦਾਂ ਮੁਤਾਬਕ ਪੰਜਾਬ ਸਰਕਾਰ ਨੇ ਜਲੰਧਰ ਦੇ ਸੁੰਦਰੀਕਰਨ ਲਈ ਪਹਿਲੀ ਕਿਸ਼ਤ ਵਜੋਂ 95.16 ਕਰੋੜ ਰੁਪਏ ਨਿਗਮ ਕਮਿਸ਼ਨਰ, ਜਲੰਧਰ ਨੂੰ ਟਰਾਂਸਫਰ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਚੇਨ ਝਪੱਟਣ ਦੀ ਕੋਸ਼ਿਸ਼ ‘ਚ ਗੱਡੀ ‘ਚੋਂ ਬਦਮਾਸ਼ਾਂ ਨੇ ਸੜਕ ‘ਤੇ ਘਸੀਟੀ ਔਰਤ, ਵਾਲ-ਵਾਲ ਬਚੀ ਜਾਨ
ਮੁੱਖ ਮੰਤਰੀ ਨੇ ਕਿਹਾ ਕਿ ਆਦਮਪੁਰ ਦੇ ਵਿਚੋਂ ਹਾਈਵੇ ਨਿਕਲਮ ਕਾਰਨ ਬਹੁਤ ਵੱਡੀ ਪ੍ਰੇਸ਼ਾਨੀ ਸੀ। ਉੁਨ੍ਹਾਂ ਕਿਹਾ ਕਿ ਜਦੋਂ ਉਹ ਆਦਮਪੁਰ ਵਿਚ ਰੋਡ ਸ਼ੋਅ ਕਰਨ ਗਏ ਤਾਂ ਚੋਣ ਨਤੀਜਾ ਕੁਝ ਵੀ ਹੋਵੇ ਪਰ ਆਦਮਪੁਰ ਸੜਕ ਬਣਾਉਣ ਦੀ ਜ਼ਿੰਮੇਵਾਰੀ ਲੈ ਕੇ ਪਰਤੇ ਸਨ। ਉੁਸ ਵਾਅਦੇ ਮੁਤਾਬਕ ਆਦਮਪੁਰ ਸੜਕ ਨਿਰਮਾਣ ਦਾ ਕੰਮ ਸਤੰਬਰ ਤੋਂ ਪਹਿਲਾਂ ਪੂਰਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਕੋਦਰ ਤੋਂ ਗੋਰਾਇਆ ਦੀ 17.46 ਕਿਮੀ. ਸੜਕ ਨਿਰਮਾਣ ਬਾਰੇ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ। ਇਸ ਸੜਕ ਨੂੰ ਵੀ ਸਤੰਬਰ 2023 ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: