ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ।ਅਜਨਾਲਾ ਥਾਣੇ ‘ਤੇ ਹਮਲਾ ਕਰਨ ਨਾਲ ਜੁੜੇ ਕੇਸ ਵਿਚ ਪੁਲਿਸ ਨੇ ਅੰਮ੍ਰਿਤਪਾਲ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੀ ਗ੍ਰਿਫਤਾਰੀ ਜਲੰਧਰ ਦੇ ਸ਼ਾਹਕੋਟ-ਮਲਸੀਆਂ ਇਲਾਕੇ ਤੋਂ ਉਸ ਸਮੇਂ ਕੀਤੀ ਗਈ ਜਦੋਂ ਇਹ ਲੋਕ ਅੰਮ੍ਰਿਤਪਾਲ ਨਾਲ ਮੋਗਾ ਵੱਲ ਜਾ ਰਹੇ ਹਨ।
ਪੰਜਾਬ ਪੁਲਿਸ ਦੇ ਘੇਰਾ ਪਾਉਂਦੇ ਹੀ ਅੰਮ੍ਰਿਤਪਾਲ ਖੁਦ ਗੱਡੀ ਵਿਚ ਬੈਠ ਕੇ ਲਿੰਕ ਰੋਡ ਤੋਂ ਹੁੰਦੇ ਹੋਏ ਭੱਜ ਗਿਆ। ਪੁਲਿਸ ਉਸ ਦਾ ਪਿੱਛਾ ਕਰ ਰਹੀ ਹੈ ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਇਸ ਸਮੇਂ 3 ਮਾਮਲੇ ਦਰਜ ਹਨ। ਇਨ੍ਹਾਂ ਵਿਚ 2 ਅਜਨਾਲਾ ਥਾਣੇ ਵਿਚ ਹਨ। ਪੁਲਿਸ ਕਾਫੀ ਲੰਬੇ ਸਮੇਂ ਤੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਤਿਆਰੀਆਂ ਕਰ ਰਹੀ ਸੀ। ਅੱਜ ਅੰਮ੍ਰਿਤਪਾਲ ਸਿੰਘ ਵੱਲੋਂ ਜਲੰਧਰ ਦੇ ਸ਼ਾਹਕੋਟ ਮਲਸੀਆਂ ਵਿਚ ਖਾਲਸਾ ਵਹੀਰ ਨੂੰ ਕੱਢਿਆ ਜਾਣਾ ਸੀ। ਭਾਰੀ ਗਿਣਤੀ ਵਿਚ ਸਮਰਥਕ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋ ਰਹੇ ਸਨ ਪਰ ਸਵੇਰ ਤੋਂ ਹੀ ਪੁਲਿਸ ਫੋਰਸ ਉਸ ਦੇ ਕਾਫਲੇ ਦਾ ਪਿੱਛਾ ਕਰ ਰਹੀ ਸੀ। ਜਦੋਂ ਕਾਫਲਾ ਸ਼ਾਹਕੋਟ ਕੋਲ ਪਹੁੰਚਿਆ ਪੁਲਿਸ ਫੋਰਸ ਨੇ ਉਸ ਨੂੰ ਘੇਰ ਲਿਆ।
ਅੰਮ੍ਰਿਤਪਾਲ ਸਿੰਘ ਦੀਆਂ 2 ਗੱਡੀਆਂ ਵਿਚ ਸਵਾਰ 6 ਲੋਕਾਂ ਨੂੰ ਫੜ ਲਿਆ ਜਦੋਂ ਕਿ ਅੰਮ੍ਰਿਤਪਾਲ ਆਪਣੀ ਮਰਸੀਡਜ਼ ਤੋਂ ਭੱਜ ਗਿਆ। ਪੁਲਿਸ ਨੇ ਫੜੇ ਗਏ 6 ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿਚ ਹਥਿਆਰ ਵੀ ਜ਼ਬਤ ਕੀਤਾ ਹੈ।
ਅਜੇ ਜਲੰਧਰ ਤੇ ਮੋਗਾ ਪੁਲਿਸ ਦੀ ਸਾਂਝੀ ਕਾਰਵਾਈ ਚੱਲ ਰਹੀ ਹੈ। ਲਗਭਗ 100 ਦੇ ਕਰਬ ਗੱਡੀਆਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਉਸ ਦਾ ਪਿੱਛਾ ਕਰ ਰਹੀਆਂ ਹਨ। ਅੰਮ੍ਰਿਤਪਾਲ ਦੇ ਗ੍ਰਿਫਤਾਰ ਕੀਤੇ ਗਏ ਸਾਥੀਆਂ ਵਿਚ ਉਸ ਦਾ ਕਰੀਬੀ ਭਗਵੰਤ ਸਿੰਘ ਉਰਫ ਬਾਜੇਕੇ ਵੀ ਹੈ ਜਿਵੇਂ ਹੀ ਪੁਲਿਸ ਗ੍ਰਿਫਤਾਰ ਕਰਨ ਪਹੁੰਚੀ ਭਗਵੰਤ ਸਿੰਘ ਸੋਸ਼ਲ ਮੀਡੀਆ ‘ਤੇ ਲਾਈਵ ਹੋ ਗਿਆ ਤੇ ਆਪਣੇ ਵੱਲ ਵਧ ਰਹੇ ਪੁਲਿਸ ਵਾਲਿਆਂ ਨੂੰ ਦਿਖਾਉਣ ਲੱਗਾ। ਭਗਵੰਤ ਸਿੰਘ ਖਿਲਾਫ ਹਥਿਆਰਾਂ ਨਾਲ ਸੋਸ਼ਲ ਮੀਡੀਆ ‘ਤੇ ਫੋਟੋ ਪਾਉਣ ਨੂੰ ਲੈ ਕੇ ਕੇਸ ਦਰਜ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਭਾਰਤ ‘ਚ ਇੱਕ ਵਾਰ ਕੋਰੋਨਾ ਨੇ ਫਿਰ ਫੜਿਆ ਜ਼ੋਰ, 126 ਦਿਨਾਂ ਬਾਅਦ ਕੋਵਿਡ ਦੇ ਮਾਮਲੇ 800 ਤੋਂ ਪਾਰ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 25 ਫਰਵਰੀ ਨੂੰ ਖਾਲਿਸਤਾਨ ਸਮਰਥਕ ਸੰਗਠਨ ‘ਵਾਰਿਸ ਪੰਜਾਬ ਦੇ’ ਨਾਲ ਜੁੜੇ ਹਜ਼ਾਰਾਂ ਲੋਕਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਹਮਲਾ ਕਰ ਦਿੱਤਾ ਸੀ। ਇਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ ਤੇ ਤਲਵਾਰਾਂ ਸਨ। ਇਹ ਲੋਕ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਸਨ। ਇਨ੍ਹਾਂ ਦੇ ਹਮਲੇ ਦੇ ਬਾਅਦ ਪੰਜਾਬ ਪੁਲਿਸ ਨੇ ਮੁਲਜ਼ਮ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: