ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦਾ ਅਚਾਨਕ ਭਾਰਤ ਜੋੜੋ ਯਾਤਰਾ ਦੌਰਾਨ ਸਿਹਤ ਵਿਗੜਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਟਵੀਟ ਕਰਦਿਆਂ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਕਾਂਗਰਸੀ ਸਾਂਸਦ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਭਾਰਤ ਜੋੜੋ ਯਾਤਰਾ ਦੌਰਾਨ ਦੇਹਾਂਤ ਹੋ ਗਿਆ। ਸਿਰਫ ਕਾਂਗਰਸ ਹੀ ਨਹੀਂ, ਪੂਰਾ ਭਾਰਤ ਤੁਹਾਡੀ ਕੁਰਬਾਨੀ ਨੂੰ ਯਾਦ ਰੱਖੇਗਾ, ਚੌਧਰੀ ਸਾਹਬ। ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੜਾਕੇ ਦੀ ਠੰਡ ਵਿੱਚ ਚੱਲਣਾ ਅਤੇ ਆਪਣੀ ਜਾਨ ਨਿਛਾਵਰ ਕਰਨਾ ਹੀ ਮਹਾਨ ਸ਼ਹਾਦਤ ਹੈ।
ਸਾਂਸਦ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸਸਕਾਰ ਕੱਲ੍ਹ ਉਨ੍ਹਾਂ ਦੇ ਪਿੰਡ ਧਾਲੀਵਾਲ ਵਿਚ ਹੀ ਹੋਵੇਗਾ। ਰਾਜਾ ਵੜਿੰਗ ਨੇ ਦੱਸਿਆ ਕਿ ਜਿਵੇਂ ਹੀ ਰਾਹੁਲ ਗਾਂਧੀ ਨੂੰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਦਾ ਪਤਾ ਲੱਗਾ ਉਨ੍ਹਾਂ ਨੇ ਯਾਤਰਾ ਰੋਕ ਦਿੱਤੀ ਤੇ ਜਿਥੇ ਉਨ੍ਹਾਂ ਨੇ ਦੁਪਹਿਰ ਨੂੰ ਰੁਕਣਾ ਸੀ ਉਥੇ ਚਲੇ ਗਏ। ਇਹ ਦੁਖਦ ਘਟਨਾ ਹੈ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਹੈ।
ਦੱਸ ਦੇਈਏ ਕਿ ਸੰਤੋਖ ਸਿੰਘ ਚੌਧਰੀ 76 ਸਾਲ ਦੇ ਸਨ। ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਵਿੱਚ ਹੋਇਆ। ਉਹ ਪਿੰਡ ਧਾਲੀਵਾਲ ਦੇ ਜੰਮਪਲ ਸਨ। ਉਹ ਇੱਕ ਗਰੈਜੂਏਟ ਪ੍ਰੋਫੈਸ਼ਨਲ ਸਨ। ਉਹ ਪੇਸ਼ੇ ਵੱਜੋਂ ਵਕੀਲ ਅਤੇ ਬਿਜ਼ਨਸਮੈਨ ਸਨ। ਉਨ੍ਹਾਂ ਦੇ 1 ਲੜਕਾ ਅਤੇ ਇੱਕ ਲੜਕੀ ਹੈ। ਉਹ ਜਲੰਧਰ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਸਨ।
ਵੀਡੀਓ ਲਈ ਕਲਿੱਕ ਕਰੋ -: