ਜਲੰਧਰ ਦੇ ਕਾਂਗਰਸ ਪਾਰਟੀ ਦੇ ਵਾਰਡ ਨੰਬਰ 64 ਦੇ ਸਾਬਕਾ ਕੌਂਸਲਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਨੇ ਅੱਜ ਬਾਅਦ ਦੁਪਹਿਰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਪਰ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ।
ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ. ਜਤਿੰਦਰ ਸਿੰਘ ਨੇ ਕਿਹਾ ਕਿ ਕੌਂਸਲਰ ਸੁਸ਼ੀਲ ਕਾਲੀਆ ਦਾ ਦਿਹਾਂਤ ਹੋ ਚੁੱਕਾ ਹੈ। ਉਨ੍ਹਾਂ ਦਾਇੱਕ ਸੁਸਾਈਡ ਨੋਟ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਰਿਵਾਰ ਵਾਲੇ ਆਪਣੇ ਬਿਆਨ ਦਰਜ ਕਰਵਾਉਣਗੇ ਉਸੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪਰਿਵਾਰ ਵੱਲੋਂ ਪੁਲਿਸ ਨੂੰ ਸੌਂਪੇ ਗਏ ਕਾਲੀਆ ਉਰਫ ਵਿੱਕੀ ਦੇ ਸੁਸਾਈਡ ਨੋਟ ਵਿੱਚ ਕੇਡੀ ਭੰਡਾਰੀ, ਰਾਜਕੁਮਾਰ ਉਨ੍ਹਾਂ ਦੀ ਪਤਨੀ ਅੰਜੂ, ਆਕਾਸ਼ ਸ਼ਰਮਾ, ਜਤਿੰਦਰ ਚੋਪੜਾ, ਗਿੰਨੀ ਚੋਪੜਾ ਨਿਵਾਸੀ ਸ਼ਿਵ ਨਗਰ, ਰਾਜਨ ਸ਼ਾਰਜਾ ਉਨ੍ਹਾਂ ਦੀ ਧੀ ਕ੍ਰਿਤਿਕਾ, ਅਸ਼ਵਨੀ, ਵਿਨੋਦ ਸਾਰੇ ਨਿਵਾਸੀ ਭਗਤ ਸਿੰਘ ਕਾਲੋਨੀ, ਰਾਕੇਸ਼ ਮਲਹੋਤਰਾ ਨਿਵਾਸੀ ਇੰਡਸਟਰੀਅਲ ਏਰੀਆ ਤੇ ਜੈ ਮਹਿੰਦਰੂ ਦੇ ਨਾਂ ਲਿਖੇ ਹਨ।
ਇਹ ਵੀ ਪੜ੍ਹੋ : ਖਿਡਾਰੀਆਂ ਦੇ ਮੈੱਸ ‘ਚ ਅਚਾਨਕ ਪਹੁੰਚੇ ਮੀਤ ਹੇਅਰ, ਖੁਦ ਖਾਣਾ ਖਾ ਕੇ ਕੀਤਾ ਚੈੱਕ, ਦਿੱਤੀ ਵਾਰਨਿੰਗ
ਦੱਸ ਦੇਈਏ ਕਿ ਵਿੱਕੀ ਕਾਲੀਆ ਦਾ ਨਾਂ 50 ਲੱਖ ਰੁਪਏ ਦੇ ਗ੍ਰਾਂਟ ਘੁਟਾਲੇ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਵੀ ਪੁਲਿਸ ਕੇਸ ਦਰਜ ਹਨ। ਵਿੱਕੀ ਕਾਲੀਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਉਨ੍ਹਾਂ ਦੇ ਬੇਟੇ ਅੰਸ਼ੂਮਨ ਦੀ ਜ਼ਮਾਨਤ ਵੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: