ਗਰਮੀਆਂ ਦੀ ਸ਼ੁਰੂਆਤ ਹੁੰਦੇ ਹੀ ਚੰਡੀਗੜ੍ਹ ਵਿਚ ਪਾਣੀ ਦੀ ਮੰਗ ਵਧ ਗਈ ਹੈ। ਜੋ ਲੋਕ ਪਾਣੀ ਦੀ ਬਰਬਾਦੀ ਕਰਦੇ ਹਨ, ਉਨ੍ਹਾਂ ‘ਤੇ ਨਿਗਮ ਨੇ ਸਖਤੀ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਸਵੇਰੇ 5.30 ਤੋਂ 8.30 ਵਜੇ ਦੇ ਵਿਚ ਨਗਰ ਨਿਗਮ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਘੁੰਮਣਗੀਆਂ ਤੇ ਜੋ ਵੀ ਵਿਅਕਤੀ ਇਸ ਦੌਰਾਨ ਪਾਣੀ ਬਰਬਾਦ ਕਰਦਾ ਦੇਖਿਆ ਜਾਵੇਗਾ ਉਸ ਦਾ 5250 ਰੁਪਏ ਦਾ ਚਾਲਾਨ ਕੱਟਿਆ ਜਾਵੇਗਾ।
ਨਗਰ ਨਿਗਮ ਨੇ ਇਸ ਲਈ 18 ਐੱਸਡੀਏ ਸਣੇ ਵੱਖ-ਵੱਖ ਜੇਈ ਤੇ ਹੋਰ ਮੁਲਾਜ਼ਮਾਂ ਦੀਆਂ ਟੀਮਾਂ ਦਾ ਗਠਨ ਕੀਤਾ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਵੇਰੇ 5.30 ਵਜੇ ਪਾਣੀ ਆਉਂਦਾ ਹੈ, ਇਸ ਲਈ ਟੀਮਾਂ ਵੀ ਸਵੇਰੇ 3 ਘੰਟੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਘੁੰਮਣਗੀਆਂ। ਨਿਗਮ ਵੱਲੋਂ ਦੱਸਿਆ ਗਿਆ ਹੈ ਕਿ ਜੇਕਰ ਕੋਈ ਵੀ ਫ੍ਰੈਸ਼ ਪਾਣੀ ਨਾਲ ਵਾਹਨਾਂ ਤੇ ਕੋਰਟਯਾਰਡ ਨੂੰ ਧੋਂਦੇ ਹੋਏ ਜਾਂ ਲਾਨ ਵਿਚ ਪਾਣੀ ਦਿੰਦੇ ਹੋਏ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ ਸਗੋਂ ਸਿੱਧੇ ਉਸ ਦਾ 5250 ਰੁਪਏ ਦਾ ਚਾਲਾਨ ਕੱਟੇਗਾ।
ਚਾਲਾਨ ਦੀ ਰਕਮ ਨੂੰ ਪਾਣੀ ਦੇ ਬਿਲ ਵਿਚ ਜੋੜ ਕੇ ਭੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਪਾਣੀ ਦੇ ਮੀਟਰ ਚੈਂਬਰ ਵਿਚ ਰਿਸਾਅ ਜਾਂ ਟੈਂਕੀ ਓਵਰ ਫਲੋਅ ਹੋ ਰਹੀ ਹੋਵੇਗੀ ਤਾਂ ਅਜਿਹੀ ਸਥਿਤੀ ਵਿਚ ਸਬੰਧਤ ਵਿਅਕਤੀ ਨੂੰ 2 ਦਿਨ ਦਾ ਨੋਟਿਸ ਦਿਤਾ ਜਾਵੇਗਾ। ਜੇਕਰ ਦੋ ਦਿਨਾਂ ਦੇ ਅੰਦਰ ਲੀਕ ਬੰਦ ਨਾ ਕੀਤੀ ਗਈ ਤਾਂ 5,250 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਨਿਗਮ ਵੱਲੋਂਕਿਹਾ ਗਿਆ ਕਿ ਟੀਮਾਂ ਨੂੰ ਜਾਂਚ ਦੌਰਾਨ ਜੇਕਰ ਕਿਸੇ ਵਿਅਕਤੀ ਦੇ ਘਰ ਵਿਚ ਪਾਣੀ ਦੇ ਪਾਈਪ ਲਾਈਨ ਵਿਚ ਬੂਸਟਰ ਪੰਪ ਲੱਗਾ ਮਿਲਿਆ ਤਾਂ ਟੀਮ ਵੱਲੋਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ ਤੇ ਚਾਲਾਨ ਕੱਟਿਆ ਜਾਵੇਗਾ। ਜੇਕਰ ਜੁਰਮਾਨਾ ਲਗਾਉਣ ਦੇ ਬਾਅਦ ਵੀ ਕੋਈ ਵਾਰ-ਵਾਰ ਉਲੰਘਣ ਕਰਦਾ ਹੈ ਤਾਂ ਬਿਨਾਂ ਕਿਸੇ ਨੋਟਿਸ ਦੇ ਸਬੰਧਤ ਵਿਅਕਤੀ ਦਾ ਪਾਣੀ ਦਾ ਕਨੈਕਸ਼ਨ ਕੱਟ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ : ਨਾਜਾਇਜ਼ ਕਾਲੋਨੀਆਂ ‘ਤੇ ਨਗਰ ਨਿਗਮ ਨੇ ਕੱਸਿਆ ਸ਼ਿਕੰਜਾ, 3 ਬਿਲਡਿੰਗਾਂ ਤੋੜੀਆਂ
ਦੱਸ ਦੇਈਏ ਕਿ ਗਰਮੀਆਂ ਵਿਚ ਸ਼ਹਿਰ ਵਿਚ ਪਾਣੀ ਦੀ ਖਪਤ 5460 ਲੱਖ ਮੀਟਰ ਤੱਕ ਪਹੁੰਚ ਜਾਂਦੀ ਹੈ ਜਦੋਂ ਕਿ ਨਗਰ ਨਿਗਮ ਦੀ ਸਮਰੱਥਾ ਭਾਖੜਾ ਨਹਿਰ ਤੇ ਟਿਊਬਵੈੱਲਾਂ ਨੂੰ ਮਿਲਾ ਕੇ ਇਸ ਤੋਂ ਘੱਟ ਹੈ। ਇਸੇ ਵਜ੍ਹਾ ਨਾਲ ਹੀ ਪਾਣੀ ਦੀ ਬਰਬਾਦੀ ‘ਤੇ ਚਾਲਾਨ ਕੱਟਣ ਦਾ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: