ਪੰਜਾਬ ਪੁਲਿਸ ਚੰਡੀਗੜ੍ਹ ਦੇ ਲਗਭਗ 7 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰੇਗੀ। ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਅਧਿਕਾਰੀ ਸ਼ਾਮਲ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਦੇ ਇਕ ਡਾਕਟਰ ਨੂੰ ਅਗਵਾ ਕਰਕੇ ਮੋਬਾਈਲ ਲੋਕੇਸ਼ਨ ਦਾ ਰਿਕਾਰਡ ਨਸ਼ਟ ਕਰਨ ‘ਤੇ ਪੰਜਾਬ ਦੇ ਡੀਜੀਪੀ ਨੂੰ ਕੇਸ ਦਰਜ ਗਰਨ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਤੋਂ ਬਾਹਰ ਕਰਨ ਦਾ ਹੁਕਮ ਦਿੰਦੇ ਹੋਏ ਡੀਜੀਪੀ ਪੰਜਾਬ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਗਠਿਤ ਕਰਨ ਦੇ ਹੁਕਮ ਦਿੱਤੇ ਹਨ। ਸਿਟ ਦੀ ਅਗਵਾਈ ਐੱਸਐੱਸਪੀ ਰੈਂਕ ਦੇ ਅਫਸਰ ਤੋਂ ਹੇਠਾਂ ਦੇ ਅਧਿਕਾਰੀ ਤੋਂ ਨਾ ਕਰਵਾਏ ਜਾਣ ਨੂੰ ਕਿਹਾ ਹੈ।
ਚੰਡੀਗੜ੍ਹ ਦੇ ਜਿਹੜੇ ਪੁਲਿਸ ਮੁਲਾਜ਼ਮਾਂ ‘ਤੇ ਦੋਸ਼ ਹੈ ਉਨ੍ਹਾਂ ਵਿਚ ਕਾਂਸਟੇਬਲ ਵਿਕਾਸ ਹੁੱਡਾ, ਅਨਿਲ ਕੁਮਾਰ, ਅਮਿਤੋਜ ਤੇ ਕ੍ਰਾਈਮ ਬ੍ਰਾਂਚ, ਯੂਟੀ ਦੇ ਕਾਂਸਟੇਬਲ ਸੁਭਾਸ਼ ਕੁਮਾਰ ਤੋਂ ਇਲਾਵਾ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ, ਸਬ-ਇੰਸਪੈਕਟਰ ਸੁਰੇਸ਼ ਕੁਮਾਰ ਤੇ ਸੀਨੀਅਰ ਕਾਂਸਟੇਬਲ ਨੀਰਜ ਸ਼ਾਮਲ ਹਨ।
ਹਾਈਕੋਰਟ ਨੇ ਇਹ ਹੁਕਮ ਡਾਕਟਰ ਮੋਹਿਤ ਧਵਨ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਦਿੱਤਾ। ਪਟੀਸ਼ਨ ਮੁਤਾਬਕ ਡਾਕਟਰ ਆਪਣੇ ਇਕ ਮਾਮਲੇ ਦੀ ਸੁਣਵਈ ਲਈ 7 ਜਨਵਰੀ 2022 ਨੂੰ ਸਵੇਰੇ ਲਗਭਗ 10.30 ਵਜੇ ਚੰਡੀਗੜ੍ਹ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਜਾ ਰਹੇ ਸਨ ਪਰ ਉਹ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੁੰਦੇ ਇਸ ਤੋਂ ਪਹਿਲਾਂ ਚਾਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ।
ਚੰਡੀਗੜ੍ਹ ਪੁਲਿਸ ਦੀ ਇਕ ਟੀਮ ਵੱਲੋਂ ਡਾਕਟਰ ਨੂੰ ਅਗਵਾ ਕਰਨ ਦੇ ਬਾਅਦ ਦੂਜੀ ਪੁਲਿਸ ਟੀਮ ਨੇ ਖੁਦ ਨੂੰ ਕੋਰਟ ਰੂਮ ਵਿਚ ਹਾਜ਼ਰ ਦਿਖਾਇਆ। ਇਸ ਦੂਜੀ ਟੀਮ ਵਿਚ ਕ੍ਰਾਈਮ ਬ੍ਰਾਂਚ ਦੇ ਸਾਬਕਾ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ, ਸਬ-ਇੰਸਪੈਕਟਰ ਸੁਰੇਸ਼ ਕੁਮਾਰ ਤੇ ਸੀਨੀਅਰ ਕਾਂਸਟੇਬਲ ਨੀਰਜ ਨੇ ਖੁਦ ਨੂੰ ਇਲਾਕਾ ਮੈਜਿਸਟ੍ਰੇਟ ਸਾਹਮਣੇ ਇੰਤਜ਼ਾਰ ਕਰਦੇ ਦਿਖਾਇਆ। ਨਤੀਜੇ ਵਜੋਂ ਡਾਕਟਰ ਦੇ ਕੋਰਟ ਵਿਚ ਪੇਸ਼ ਨਾ ਹੋਣ ‘ਤੇ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਖਿਲਾਫ ਕਈ ਹੁਕਮ ਪਾਸ ਕਰ ਦਿੱਤੇ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਰੇਲਗੱਡੀ ਦੀ ਚਪੇਟ ‘ਚ ਆਉਣ ਨਾਲ ਵਿਦਿਆਰਥਣ ਦੀ ਮੌ.ਤ, ਟਰੇਨ ‘ਚ ਚੜ੍ਹਦੇ ਸਮੇਂ ਫਿਸਲਿਆ ਪੈਰ
ਪਟੀਸ਼ਨਰ ਨੇ ਹੁਣ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕੋਰਟ ਕੰਪਲੈਕਸ ਦੇ ਸੀਸੀਟੀਵੀ ਫੁਟੇਜ ਤੇ ਸੀਡੀਆਰ ਤੋਂ ਇਲਾਵਾ ਮੋਬਾਈਲ ਫੋਨ ਦੇ ਜਿਓਸੈੱਟ ਲੋਕੇਸ਼ਨਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਤਾਂ ਜੋ ਘਟਨਾ ਦੀ ਪੁਸ਼ਟੀ ਹੋ ਸਕੇ ਪਰ ਹਾਈਕੋਰਟ ਵੱਲੋਂ ਸੀਸੀਟੀਵੀ ਫੁਟੇਜ ਤੇ ਸੀਡੀਆਰ ਤੋਂ ਇਲਾਵਾ ਫੋਨਦੇ ਜੀਓਸੈੱਟ ਦੀ ਜਾਣਕਾਰੀ ਮੰਗਣ ‘ਤੇ ਕੁਝ ਜਾਣਕਾਰੀ ਨਸ਼ਟ ਕੀਤੇ ਜਾਣ ਦਾ ਪਤਾ ਲੱਗਾ। ਹਾਈਕੋਰਟ ਦੇ ਹੁਕਮ ‘ਤੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਸਿਟ ਕਰੇਗੀ।