Dr Darpan of Mohali : ਯੂਪੀਐਸਸੀ ਦੇ ਸਿਵਲ ਸਰਵਿਸਿਜ਼ ਦੇ ਇਮਤਿਹਾਨ ਵਿਚ ਮੋਹਾਲੀ ਸ਼ਹਿਰ ਦੀ ਰਹਿਣ ਵਾਲੀ ਡਾ. ਦਰਪਨ ਆਹਲੂਵਾਲੀਆ ਨੇ 80ਵਾਂ ਸਥਾਨ ਹਾਸਿਲ ਕੀਤਾ ਹੈ। ਡਾ. ਦਰਪਨ ਨੇ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ ਤੱਕ ਦੀ ਪੜ੍ਹਾਈ ਕੀਤੀ ਹੈ ਤੇ ਪਿਛਲੇ 2 ਸਾਲਾਂ ਤੋਂ ਉਹ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਦਰਪਨ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਸਾਲ 2017 ਵਿਚ ਪੂਰੀ ਕੀਤੀ ਸੀ। ਇਸ ਸਮੇਂ ਉਹ ਚੰਡੀਗੜ੍ਹ ਦੇ ਇਕ ਐਨ.ਜੀ.ਓ ‘ਚ ਸੇਵਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਉਹ ਹਰ ਰੋਜ਼ 14 ਘੰਟੇ ਤਕ ਪੜ੍ਹਾਈ ਕਰਦੀ ਸੀ।
ਦਰਪਨ ਕੌਰ ਨੇ ਸਾਲ 2019 ‘ਚ ਵੀ ਯੂਪੀਐੱਸਈ ਦੇ ਇਮਤਿਹਾਨ ਦਿੱਤੇ ਸੀ ਪਰ ਉਸ ਵਿਚ ਘੱਟ ਨੰਬਰ ਆਉਣ ਕਾਰਨ ਉਸ ਦੀ ਸਿਲੈਕਸ਼ਨ ਨਹੀਂ ਹੋ ਸਕੀ ਸੀ ਇਸ ਲਈ ਉਸ ਨੇ ਦੁਬਾਰਾ ਯੂਪੀਐਸਈ ਦੇ ਇਮਿਤਹਾਨ ਦਿੱਤੇ। ਹੁਣ ਉਸ ਦੀ ਮਿਹਨਤ ਰੰਗ ਲਿਆਈ ਤੇ ਉਸ ਨੇ ਇਸ ਵਿਚ 80ਵਾਂ ਰੈਂਕ ਹਾਸਲ ਕੀਤਾ। ਉਧਰ ਚੰਡੀਗੜ੍ਹ ਦੇ ਸੈਕਟਰ-45 ਦੀ ਜਸਰੂਪ ਕੌਰ ਨੇ ਸਿਵਲ ਸਰਵਿਸਿਜ਼ ਵਿਚ 144ਵਾਂ ਰੈਂਕ ਹਾਸਿਲ ਕੀਤਾ ਹੈ। ਦੱਸਣਯੋਗ ਹੈ ਕਿ ਯੂਪੀਐਸਸੀ ਵੱਲੋਂ ਜਾਰੀ ਮੈਰਿਟ ਲਿਸਟ ਵਿਚ ਇਸ ਵਾਰ 928 ਉਮੀਦਵਾਰਾਂ ਦਾ ਆਈਏਐਸ, ਆਈਐਫਐਸ, ਆਈਪੀਐਸ ਅਤੇ ਹੋਰ ਏ ਤੇ ਬੀ ਕੈਟਾਗਰੀਆਂ ਵਿਚ ਚੋਣ ਹੋਈ ਹੈ। ਆਈਏਐਸ ਵਿਚ 180, ਆਈਐਫਐਸ ਵਿਚ 24, ਆਈਪੀਐਸ ਵਿਚ 150 ਅਤੇ ਸੈਂਟਰਲ ਸਰਵਿਸਿਜ਼ ਗਰੁੱਪ ਏ ਵਿਚ 438 ਉਮੀਦਵਾਰਾਂ ਦੀ ਚੋਣ ਹੋਈ।