6 arrested at : ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ‘ਤੇ ਦੁਬਈ ਤੋਂ ਦੋ ਵੱਖ-ਵੱਖ ਫਲਾਈਟਾਂ ਵਿਚ ਪਰਤੇ 6 ਲੋਕਾਂ ਤੋਂ 10 ਕਿਲੋ 220 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਇਹ ਸੋਨਾ ਘਰੇਲੂ ਸਾਮਾਨ ਪ੍ਰੈੱਸ, ਡਰਿਲ ਮਸ਼ੀਨ, ਜੂਸਰ ਮਿਕਸਰ ਆਦਿ ਵਿਚ ਲੁਕਾ ਕੇ ਲਿਆਇਆ ਗਿਆ ਸੀ। ਭਾਰਤੀ ਬਾਜ਼ਾਰ ਵਿਚ ਬਰਾਮਦ ਸੋਨੇ ਦੀ ਕੀਮਤ ਲਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਨੌਜਵਾਨਾਂ ਵਿਚੋਂ 4 ਪੰਜਾਬ ਦੇ ਤੇ ਦੋ ਪੰਚਕੂਲਾ ਦੇ ਨਿਵਾਸੀ ਹਨ।
ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ 5 ਯਾਤਰੀ 16 ਜੁਲਾਈ ਦੀ ਰਾਤ ਦੁਬਈ ਤੋਂ ਆਈ ਸਪਾਈਸਜੈੱਟ ਦੀ ਫਲਾਈਟ ਆਈਐਕਸ 192 ਵਿਚ ਅੰਮ੍ਰਿਤਸਰ ਪੁੱਜੇ। ਉਥੇ ਇਕ ਹੋਰ ਯਾਤਰੀ ਵੰਦੇ ਮਾਤਰਮ ਤਹਿਤ ਏਅਰ ਅਰੋਬੀਆ ਦੀ ਫਲਾਈਟ ਤੋਂ ਅੰਮ੍ਰਿਤਸਰ ਪੁੱਜਾ। ਪਹਿਲਾਂ ਤੋਂ ਮਿਲੀ ਸੂਚਨਾ ਮੁਤਾਬਕ ਕਸਟਮ ਦੀ ਵਿੰਗ ਏਅਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਸਾਰੇ ਸਾਮਾਨ ਦੀ ਜਾਂਚ ਕੀਤੀ। ਇਸ ਦੌਰਾਨ ਜੂਸਰ ਮਿਕਸਰ ਗਰਾਈਂਡਰ ਅਤੇ ਡਰਿੱਲ ਮਸ਼ੀਨ ਦੀ ਐਕਸਰੇ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਵਿਚੋਂ 24 ਕੈਰੇਟ ਦਾ 10 ਕਿਲੋ ਸੋਨਾ ਬਰਾਮਦ ਹੋਇਆ। ਪੁਲਿਸ ਵਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦੁਬਈ ਵਿਚ ਬੈਠੇ ਸੋਨਾ ਸਮਗਲਰਾਂ ਨੇ ਕੋਵਿਡ ਸੰਕਟ ਕਾਲ ਦੌਰਾਨ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਜੋ ਬੇਰੋਜ਼ਗਾਰ ਹੋ ਗਏ ਹਨ ਤੇ ਭਾਰਤ ਪਰਤਣ ਲਈ ਉਨ੍ਹਾਂ ਕੋਲ ਟਿਕਟ ਖਰੀਦਣ ਤਕ ਦੇ ਪੈਸੇ ਨਹੀਂ ਹਨ।
ਫੜੇ ਗਏ ਦੋਸ਼ੀ ਵੀ ਇਨ੍ਹਾਂ ਸੋਨਾ ਸਮਗਲਰਾਂ ਦੇ ਸ਼ਿਕਾਰ ਹੋਏ ਹਨ। ਇਸੇ ਦੌਰਾਨ ਇਨ੍ਹਾਂ ਸਮਗਲਰਾਂ ਨੇ ਆਪਣਾ ਘਰੇਲੂ ਸਾਮਾਨ ਅੰਮ੍ਰਿਤਸਰ ਏਅਰਪੋਰਟ ‘ਤੇ ਉਨ੍ਹਾਂ ਲੋਕਾਂ ਤਕ ਪਹੁੰਚਾਉਣ ਦੀ ਸ਼ਰਤ ‘ਤੇ ਇਨ੍ਹਾਂ ਨੂੰ ਟਿਕਟ ਖਰੀਦ ਕੇ ਦਿੱਤਾ। ਨਾਲ ਹੀ ਉਨ੍ਹਾਂ ਦੀ ਫੋਟੋ ਖਿੱਚ ਕੇ ਭਾਰਤ ਵਿਚ ਆਪਣੇ ਲੋਕਾਂ ਨੂੰ ਭੇਜ ਦਿੱਤੀ ਤਾਂ ਕਿ ਉਹ ਇਨ੍ਹਾਂ ਨੂੰ ਪਛਾਣ ਸਕੇ। ਇਸ ਤੋਂ ਪਹਿਲਾਂ ਕਿ ਉਹ ਉਨ੍ਹਾਂ ਤਕ ਪਹੁੰਚ ਪਾਉਂਦੇ, ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਨੇ ਸਾਰੇ 6 ਯਾਤਰੀਆਂ ਨੂੰ ਸੋਨੇ ਸਮੇਤ ਪਕੜ ਲਿਆ।