ਪੰਜਾਬ ਭਾਸ਼ਾ ਵਿਭਾਗ ਦੀ 75ਵੀਂ ਵਰ੍ਹੇਗੰਢ ਕੱਲ 1 ਜਨਵਰੀ 2023 ਨੂੰ ਹੈ। ਇਸ ਦਾ ਲੋਗੋ ਅੱਜ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜਾਰੀ ਕੀਤਾ ਗਿਆ। 75ਵੀਂ ਵਰ੍ਹੇਗੰਢ ਲਈ 1 ਜਨਵਰੀ ਨੂੰ ਪੰਜਾਬ ਦੇ ਸਾਰੇ ਜਿਲਿਆਂ ਦੇ ਭਾਸ਼ਾ ਭਵਨ ਅਤੇ ਹੋਰ ਭਾਸ਼ਾ ਦਫ਼ਤਰਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ।
ਮੰਤਰੀ ਮੀਤ ਹੇਅਰ ਨੇ ਦੱਸਿਆ ਕਿ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਵਜੋਂ ਸਥਾਪਿਤ ਕੀਤਾ ਗਿਆ ਸੀ। ਵਿਭਾਗ ਹੁਣ ਤੱਕ 1632 ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ। ਇਸ ਵਿੱਚ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਕੀਤੀ ਜਾਣ ਵਾਲੀ ਰਚਨਾ ਕੋਸ਼ ਰਚਨਾ ਅਤੇ ਪੰਜਾਬੀ ਵਿਸ਼ਵ ਕੋਸ਼ ਹੈ। ਇਸ ਦੇ ਨਾਲ ਹੀ ਪੰਜਾਬੀ ਦੀਆਂ ਦੁਰਲੱਭ ਰਚਨਾਵਾਂ ਜਿਵੇਂ ਮਹਾਨ ਕੋਸ਼, ਪੰਜਾਬ ਦੀਆਂ ਲੋਕ ਕਹਾਣੀਆਂ, ਗੁਲਸੀਤਾਂ ਬੋਸਤਾਨ, ਸ਼ਹੀਦਾਂ-ਏ-ਵਫ਼ਾ ਆਦਿ ਪ੍ਰਕਾਸ਼ਿਤ ਹੋਈਆਂ। ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਸਹੂਲਤ ਲਈ ਪੰਜਾਬੀ ਭਾਸ਼ਾ ਵਿੱਚ 35 ਦੇ ਕਰੀਬ ਸ਼ਬਦਾਵਲੀ ਛਾਪ ਕੇ ਨਿਵੇਕਲਾ ਕਾਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਡਰੀਮ-11 ਦੀ ‘ਅਨਪਲੱਗ ਪਾਲਿਸੀ’: ਛੁੱਟੀ ਵਾਲੇ ਦਿਨ ਕਰਮਚਾਰੀ ਨੂੰ ਕਾਲ-ਮੈਸੇਜ ਕਰਨ ‘ਤੇ ਲੱਗੇਗਾ 1 ਲੱਖ ਦਾ ਜੁਰਮਾਨਾ
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਭਾਸ਼ਾਵਾਂ ਦੇ ਵਿਕਾਸ ਅਤੇ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੇਣ ਲਈ ਵਚਨਬੱਧ ਹੈ। ਹਾਲ ਹੀ ਵਿੱਚ ਮਨਾਏ ਗਏ ਪੰਜਾਬੀ ਮਹੀਨੇ ਦੌਰਾਨ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਬੋਰਡਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਦਾ ਐਲਾਨ ਕੀਤਾ। ਦੱਸ ਦੇਈਏ ਭਾਸ਼ਾ ਵਿਭਾਗ ਵੱਲੋਂ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ ਵਿਕਾਸ ਲਈ ਮਹੱਤਵਪੂਰਨ ਕੰਮ ਕਰਦੇ ਹੋਏ ਵੱਖ-ਵੱਖ ਭਾਸ਼ਾਵਾਂ ਵਿੱਚ ਚਾਰ ਮੈਗਜ਼ੀਨ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਮੀਤ ਹੇਅਰ ਨੇ ਸਮੂਹ ਪੰਜਾਬੀਆਂ ਨੂੰ ਭਾਸ਼ਾ ਵਿਭਾਗ ਦਾ ਸਥਾਪਨਾ ਦਿਵਸ ਸਮੂਹਿਕ ਰੂਪ ਵਿੱਚ ਮਨਾਉਣ ਦਾ ਸੱਦਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: