Accused arrested for : ਖਰੜ : ਕਈ ਵਾਰ ਇਨਸਾਨ ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਸਾਰੀਆਂ ਹੱਦਾਂ ਟੱਪ ਜਾਂਦਾ ਹੈ। ਅਜਿਹੀ ਹੀ ਇਕ ਘਟਨਾ ਘੜੂੰਆਂ ਪੁਲਿਸ ਚੌਕੀ ਨੇੜੇ ਪੈਂਦੇ ਪਿੰਡ ਸਰਕੂਲਾਂਪੁਰ ਵਿਖੇ ਵਾਪਰੀ ਜਿਥੇ ਇਕ ਔਰਤ ਨੇ ਆਪਣੀ ਕੁੱਖ ਭਰਨ ਲਈ ਆਪਣੇ ਗੁਆਂਢੀ ਦੇ 7 ਸਾਲਾ ਬੱਚੇ ਦੀ ਬਲੀ ਦੇ ਦਿੱਤੀ। 10 ਜੁਲਾਈ ਨੂੰ ਹਰਪ੍ਰੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਸੀ ਤੇ ਉਸ ਦੀ ਲਾਸ਼ ਝਾੜੀਆਂ ਦੇ ਕੋਲ ਪਈ ਮਿਲੀ ਸੀ। ਪੁਲਿਸ ਵਲੋਂ ਨਾਲ ਰਹਿੰਦੀ ਗੁਆਂਢਣ ਅਮਨਦੀਪ ਕੌਰ ਨੂੰ ਬੱਚੇ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਹਰਪ੍ਰੀਤ ਸਿੰਘ ਦੀ ਲਾਸ਼ ਜਦੋਂ ਝਾੜੀਆਂ ‘ਚੋਂ ਮਿਲੀ ਤਾਂ ਉਸ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ ਤੇ ਜਦੋਂ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਪੁਲਿਸ ਵਲੋਂ ਪੁੱਛਗਿਛ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਬੱਚੇ ਦੀ ਗੁਆਂਢਣ ਅਮਨਦੀਪ ਕੌਰ ਸ਼ਿਵਾਨੀ ਨੇ ਆਪਣੇ ਸੁਆਰਥ ਲਈ ਬੱਚੇ ਦਾ ਕਤਲ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਦੋ ਧੀਆਂ ਸਨ ਅਤੇ ਦੋਵਾਂ ਦੀ ਮੌਤ ਹੋ ਗਈ। ਫਿਰ ਕਿਸੇ ਦੇ ਕਹਿਣ ਵਿਚ ਆ ਕੇ ਕਿ ਉਸ ਨੂੰ ਸੰਤਾਨ ਦਾ ਸੁੱਖ ਤਾਂ ਹੀ ਮਿਲੇਗਾ ਜੇਕਰ ਉਹ ਕਿਸੇ ਬੱਚੇ ਦੀ ਬਲੀ ਦੇਵੇਗੀ। ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਹੀ ਉਸ ਨੇ ਇਹ ਕਾਰਾ ਕੀਤਾ।
ਪੁਲਿਸ ਵਲੋਂ ਅਜੇ ਸਪੱਸ਼ਟ ਤੌਰ ‘ਤੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਹੈ। ਇੰਝ ਜਾਪਦਾ ਹੈ ਕਿ ਅਮਨਦੀਪ ਕੌਰ ਨੇ ਪਹਿਲਾਂ ਬੱਚੇ ਨੂੰ ਅਗਵਾ ਕਰਵਾ ਲਿਆ ਤੇ ਬਾਅਦ ਵਿਚ ਉਸ ਨਾਲ ਮਾਰਕੁੱਟ ਕੀਤੀ ਤੇ ਸੱਪ ਤੋਂ ਡਸਵਾਇਆ ਤਾਂ ਜੋ ਇੰਝ ਲੱਗੇ ਕਿ ਉਸ ਦੀ ਮੌਤ ਕੁਦਰਤੀ ਤੌਰ ‘ਤੇ ਹੋਈ ਹੈ ਤੇ ਕਿਸੇ ਨੂੰ ਵੀ ਉਸ ‘ਤੇ ਸ਼ੱਕ ਨਾ ਹੋਵੇ।