Asha Kumari, the : ਚੰਡੀਗੜ੍ਹ : ਪੰਜਾਬ ‘ਚ ਸਿਆਸੀ ਫੇਰਬਦਲ ਵਿਚ ਕਾਂਗਰਸ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਦੀ ਵਿਦਾਈ ਤੈਅ ਮੰਨੀ ਜਾ ਰਹੀ ਹੈ। ਹਾਲਾਂਕਿ ਕਾਂਗਰਸ ਹਾਈਕਮਾਨ ਵਿਚ ਤਬਦੀਲੀ ਦੀ ਜੰਗ ਵਿਚ ਇਹ ਤੈਅ ਨਹੀਂ ਹੋ ਪਾ ਰਿਹਾ ਹੈ ਕਿ ਅਗਲਾ ਇੰਚਾਰਜ ਕੌਣ ਹੋਵੇਗਾ? ਦੱਸਿਆ ਜਾ ਰਿਹਾ ਹੈ ਕਿ ਆਸ਼ਾ ਕੁਮਾਰੀ ਵੀ ਖੁਦ ਪੰਜਾਬ ‘ਚ ਕੰਮ ਨਹੀਂ ਕਰਨਾ ਚਾਹੁੰਦੀ। ਉਹ ਹਿਮਾਚਲ ਪ੍ਰਦੇਸ਼ ਤੋਂ 6 ਵਾਰ ਦੀ ਕਾਂਗਰਸ ਵਿਧਾਇਕ ਰਹਿ ਚੁੱਕੀ ਹੈ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਅੱਗੇ-ਪਿੱਛੇ ਹੀ ਹੁੰਦੀਆਂ ਹਨ। ਉਹ ਹੁਣ ਆਪਣਾ ਧਿਆਨ ਹਿਮਾਚਲ ਪ੍ਰਦੇਸ਼ ‘ਤੇ ਕੇਂਦਰਿਤ ਕਰਨਾ ਚਾਹੁੰਦੀ ਹੈ।
ਆਸ਼ਾ ਕੁਮਾਰੀ ਦੀ ਵਿਦਾਈ ਅਜਿਹੇ ਸਮੇਂ ਹੋਣ ਜਾ ਰਹੀ ਹੈ ਜਦੋਂ ਪੰਜਾਬ ‘ਚ ਸਿਆਸੀ ਰੂਪ ‘ਚ ਸਭ ਤੋਂ ਵਧ ਫੇਰਬਦਲ ਹੋਣ ਵਾਲੀ ਹੈ। ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਕਾਂਗਰਸ ਦੇ ਹੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲ੍ਹਿਆ ਹੈ ਦੂਜੇ ਪਾਸੇ ਯੂਥ ਕਾਂਗਰਸ ਦੇ ਨੇਤਾਵਾਂ ਨੇ ਵੀ ਰਾਜ ਸਭਾ ਮੈਂਬਰਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖਰ ਨੇ ਦੋਵਾਂ ਮੈਂਬਰਾਂ ਨੂੰ ਪਾਰਟੀ ‘ਚੋਂ ਬਰਖਾਸਤ ਕਰਨ ਦੀ ਮੰਗ ਵੀ ਸੋਨੀਆ ਗਾਂਧੀ ਤੋਂ ਕੀਤੀ ਸੀ। ਆਸ਼ਾ ਕੁਮਾਰੀ ਦੇ ਪ੍ਰਤਾਪ ਸਿੰਘ ਬਾਜਵਾ ਨਾਲ ਚੰਗੇ ਸਬੰਧ ਹਨ।
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਸ਼ਾ ਕੁਮਾਰੀ ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਪਾਰਟੀ ਦਾ ਚਿਹਰਾ ਬਣਨਾ ਚਾਹੁੰਦੀ ਹੋਵੇ ਕਿਉਂਕਿ ਹਿਮਾਚਲ ਪ੍ਰਦੇਸ਼ ‘ਚ ਸਾਬਕਾ ਸਿਖਿਆ ਮੰਤਰੀ ਰਹੀ ਆਸ਼ਾ ਕੁਮਾਰੀ ਸਾਬਕਾ ਮੁੱਖ ਮੰਤਰੀ ਵੀਰਭੱਦਰ ਤੋਂ ਬਾਅਦ ਸੀਨੀਅਰ ਨੇਤਾਵਾਂ ‘ਚ ਸ਼ਾਮਲ ਹਨ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ‘ਚ ਹਮੇਸ਼ਾ ਹੀ 5 ਤੋਂ 6 ਮਹੀਨੇ ਦਾ ਫਰਕ ਹੁੰਦਾ ਹੈ। ਇਸ ਸਮੇਂ ਦੌਰਾਨ ਆਸ਼ਾ ਕੁਮਾਰੀ ਹੁਣ ਆਪਣੇ ਗ੍ਰਹਿ ਰਾਜ ‘ਤੇ ਜ਼ਿਆਦਾ ਫੋਕਸ ਕਰਨਾ ਚਾਹੁੰਦੀ ਹੈ। ਆਸ਼ਾ ਕੁਮਾਰੀ ਪਿਛਲੇ ਚਾਰ ਸਾਲ ਤੋਂ ਪੰਜਾਬ ‘ਚ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।