ਦੇਸ਼ ‘ਚ ਬਲਾਤਕਾਰ ਦੀਆਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਹਰ ਰੋਜ਼ ਬਲਾਤਕਾਰ ਦੀ ਘਟਨਾ ਦੇਖਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਤਾਜ਼ਾ ਘਟਨਾ ਮੋਹਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਚੱਲਦੇ ਆਟੋ ਵਿੱਚ ਨਰਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। ਜਦੋਂ ਇਕ ਨਿੱਜੀ ਹਸਪਤਾਲ ਦੀ ਨਰਸ ਡਿਊਟੀ ਤੋਂ ਬਾਅਦ ਆਟੋ ਵਿਚ ਘਰ ਜਾ ਰਹੀ ਸੀ ‘ਤਾਂ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਕੀਤੀ। ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਸਣੇ ਆਟੋ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਲਕੀਤ ਸਿੰਘ (24) ਅਤੇ ਮਨਮੋਹਨ ਸਿੰਘ (29) ਵਾਸੀ ਕੁਰਾਲੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਲੁਧਿਆਣਾ ‘ਚ 9 ਦਿਨ ਪਹਿਲਾਂ ਹੋਏ 18 ਸਾਲਾ ਵੇਟਰ ਕਤਲ ਕਾਂਡ ‘ਚ 3 ਦੋਸ਼ੀ ਗ੍ਰਿਫਤਾਰ
ਪੀੜਤਾ ਨੇ ਸ਼ਿਕਾਇਤ ਦਰਜ ਕਰਦਿਆਂ ਦੱਸਿਆ ਕਿ ਉਹ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਹੈ। ਉਸ ਨੇ ਮੰਗਲਵਾਰ ਰਾਤ ਡਿਊਟੀ ਤੋਂ ਬਾਅਦ ਘਰ ਜਾਣ ਲਈ ਆਟੋ ਫੜਿਆ। ਰਸਤੇ ਵਿਚ ਆਟੋ ਦੀ ਪਿਛਲੀ ਸੀਟ ‘ਤੇ ਉਸ ਦੇ ਨਾਲ ਬੈਠੇ ਇੱਕ ਨੌਜਵਾਨ ਅਤੇ ਡਰਾਈਵਰ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਖ਼ੁਦ ਨੂੰ ਬਚਾਉਣ ਲਈ ਲੜਕੀ ਨੇ ਖਰੜ-ਕੁਰਾਲੀ ਰੋਡ ‘ਤੇ ਇਕ ਨਿੱਜੀ ਹਸਪਤਾਲ ਨੇੜੇ ਆਟੋ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਰੋਡ ‘ਤੇ ਸੈਰ ਕਰ ਰਹੇ ਇੱਕ ਜੋੜੇ ਨੇ ਉਸ ਨੂੰ ਹਸਪਤਾਲ ਪਹੁੰਚਾਇਆ।
ਇਸ ਘਟਨਾ ਸਬੰਧੀ ਸ਼ਿਕਾਇਤ ਦਰਜ ਹੋਣ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ। ਇਸਦੇ ਨਾਲ ਹੀ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: