Bajwa demands resignation : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਮੁੜ ਆਪਣਿਆਂ ਵੱਲ ਹੀ ਸ਼ਬਦੀ ਤੀਰ ਕੱਸੇ ਹਨ। ਦਰਅਸਲ ਉਨ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮੁੱਦੇ ’ਤੇ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆਂ ਗਾਂਧੀ ਨੂੰ ਇਕ ਚਿੱਠੀ ਲਿਖਣਗੇ ਤੇ ਇਸ ਗੰਭੀਰ ਮੁੱਦੇ ‘ਤੇ ਬਣਦੀ ਕਾਰਵਾਈ ਲਈ ਅਪੀਲ ਕਰਨਗੇ। ਬਾਜਵਾ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਰਧਾਰਤ ਸਮੇਂ ਚ ਕਰਾਉਣ ਦੀ ਗੱਲ ਵੀ ਆਖੀ ਤਾਂ ਜੋ ਇਸ ‘ਚ ਸ਼ਾਮਲ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਜਿਨ੍ਹਾਂ ਨੇ ਗਰੀਬ ਵਿਦਿਆਰਥੀਆਂ ਦਾ ਹੱਕ ਖੋਹਿਆ ਹੈ। ਪੰਜਾਬ ‘ਚ ਕਾਂਗਰਸ ਦੀ ਸਰਕਾਰ ਦੌਰਾਨ ਇਸ ਯੋਜਨਾ ‘ਚ ਘਪਲਾ ਹੋਣਾ ਚਿੰਤਾਜਨਕ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਯੋਜਨਾ ਦੇ 248 ਕਰੋੜ ਰੁਪਏ ਨੂੰ ਮਨਮਾਨੇ ਤਰੀਕੇ ਨਾਲ ਵੰਡਿਆ ਅਤੇ ਇਸ ‘ਚੋਂ 39 ਕਰੋੜ ਰੁਪਏ ਦੇ ਤਾਂ ਦਸਤਾਵੇਜ਼ ਵੀ ਨਹੀਂ ਮਿਲ ਰਹੇ ਜੋ ਸ਼ਾਇਦ ਜਾਅਲੀ ਸੰਸਥਾਵਾਂ ਦੇ ਨਾਂ ਜਾਰੀ ਕਰ ਦਿੱਤੇ ਗਏ ਹਨ। ਪੋਸਟ ਮੈਟ੍ਰਿਕ ਘੁਟਾਲੇ ‘ਤੇ ਸੂਬਾ ਸਰਕਾਰ ਨੂੰ ਵਿਰੋਧੀ ਧਿਰਾਂ ਲਗਾਤਾਰ ਘੇਰ ਰਹੀਆਂ ਹਨ ਤੇ ਹੁਣ ਕਾਂਗਰਸ ਦੇ ਆਪਣੇ ਲੀਡਰ ਵੀ ਇਸ ਖਿਲਾਫ ਆਵਾਜ਼ ਉਠਾਉਣ ਲੱਗੇ ਹਨ। ਯੂਥ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਹੈ ਕਿ ਅਨੁਸੂਚਿਤ ਜਾਤੀ ਸਕਾਲਰਸ਼ਿਪ ਦੇ 69 ਕਰੋੜ ਰੁਪਏ ਦਾ ਘਪਾਲ ਕਰਨ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ।।
ਯੂਥ ਅਕਾਲੀ ਦਲ ਦੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਦੌਰਾਨ ਐੱਸ. ਸੀ. ਸਕਾਲਰਸ਼ਿਪ ਲਈ ਕੇਂਦਰ ਸਰਕਾਰ ਤੋਂ 811 ਕਰੋੜ ਰੁਪਏ ਆਏ ਹਨ ਪਰ ਸਰਕਾਰ ਨੇ ਇਹ ਵਿਦਿਆਰਥੀਆਂ ਦੇ ਲਾਭ ਲਈ ਕਾਲਜਾਂ ਨੂੰ ਨਹੀਂ ਵੰਡੇ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਧਰਮਸੋਤ ਖਿਲਾਫ ਕਾਰਵਾਈ ਨਾ ਕੀਤੀ ਤਾਂ ਫਿਰ ਯੂਥ ਅਕਾਲੀ ਦਲ ਮੁੱਖ ਮੰਤਰੀ ਦਾ ਘਿਰਾਓ ਕਰਨਗੇ।