ਪੰਜਾਬ ਵਿਚ ਬੋਗਸ ਬਿਲਿੰਗ ਨਾਲ ਅਰਬਾਂ ਰੁਪਏ ਦੀ ਜੀ. ਐੱਸ. ਟੀ. ਚੋਰੀ ਕਰਨ ਦਾ ਕੇਂਦਰ ਬਣ ਚੁੱਕੀ ਲੋਹਾ ਨਗਰੀ ਵਿਚ ਹੁਣ 325 ਕਰੋੜ ਰੁਪਏ ਦੀ ਬੋਗਸ ਬਿਲਿੰਗ ਦਾ ਪਰਦਾਫਾਸ਼ ਹੋਇਆ ਹੈ। ਰੈਕੇਟ ਵਿਚ ਕਿੰਗਪਿਨ ਨੇ ਆਪਣੇ ਦੋਵੇਂ ਬੇਟਿਆਂ ਤੇ ਹੋਰ ਸਾਥੀਆਂ ਨਾਲ ਮਿਲ ਕੇ ਪਿਛਲੇ 9 ਮਹੀਨਿਆਂ ਵਿਚ ਕਾਗਜ਼ਾਂ ਵਿਚ ਹੀ 325 ਕਰੋੜ ਦਾ ਮਾਲ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿਚ ਵੇਚਦੇ ਹੋਏ ਲਗਭਗ 50 ਕਰੋੜ ਰੁਪਏ ਦੀ GST ਦੀ ਚੋਰੀ ਕੀਤੀ। ਬੈਂਕ ਖਾਤਿਆਂ ਵਿਚ ਕਰੋੜਾਂ ਰੁਪਿਆਂ ਦੀ ਐਂਟਰੀ ਘੁਮਾਉਣ ਤੋਂ ਬਾਅਦ ਸੈਂਟਰਲ GST ਦੇ ਜਾਲ ਵਿਚ ਫਸੇ ਇਸ ਰੈਕੇਟ ਦੇ ਕਿੰਗਪਿਨ ਗੰਗਾ ਰਾਮ ਅਮਲੋਹ ਉਸ ਦੇ ਬੇਟਿਆਂ ਅਮਿਤ ਕੁਮਾਰ ਤੇ ਵਿਸ਼ੇਸ਼ ਕੁਮਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੋਸ਼ੀ ਅਭਿਸ਼ੇਕ ਮੌਦਗਿਲ ਤੇ ਸਾਹਿਲ ਸ਼ਰਮਾ ਅਜੇ ਫਰਾਰ ਹਨ। ਇਸ ਰੈਕੇਟ ਵਿਚ ਸਾਹਮਣੇ ਆਈਆਂ ਦੋ ਫਰਜ਼ੀ ਫਰਮਾਂ ਮੰਡੀ ਗੋਬਿੰਦਗੜ੍ਹ ਦੀਆਂ ਔਰਤਾਂ ਦੇ ਨਾਂ ‘ਤੇ ਚੱਲ ਰਹੀਆਂ ਸਨ ਤੇ ਉਨ੍ਹਾਂ ਤੋਂ ਹੁਣ ਪੁੱਛਗਿਛ ਕੀਤੀ ਜਾ ਰਹੀ ਹੈ। ਰੈਕੇਟ ਦਾ ਪਰਦਾਫਾਸ਼ ਆਬਕਾਰੀ ਦੇ ਟੈਕਸੇਸ਼ਨ ਵਿਭਾਗ ਦੇ ਵਧੀਕ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਵਿਚ ਛਾਪੇਮਾਰੀ ਕਰਨ ਆਈ ਡੀ. ਐੱਸ. ਟੀ. ਨੇ ਕੀਤਾ।
ਟੀਮ ਵਿਚ GST ਵਿਭਾਗ ਦੇ 20 ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਵਿਭਾਗ ਦੇ 45 ਮੁਲਾਜ਼ਮ ਸ਼ਾਮਲ ਸਨ। ਟੀਮ ਨੇ ਸ਼ੁੱਕਰਵਾਰ ਸਵੇਰੇ ਹੀ ਮੰਡੀ ਗੋਬਿੰਦਗੜ੍ਹ, ਅਮਲੋਹ ਤੇ ਕਈ ਖੇਤਰਾਂ ਵਿਚ ਪੜਤਾਲ ਕੀਤੀ। ਸਾਹਿਲ ਇੰਟਰਪ੍ਰਾਈਜਿਜ਼, ਵਿਸ਼ਣੂ ਇੰਟਰਪ੍ਰਾਈਜਿਜ਼, ਏ. ਐੱਸ. ਇੰਟਰਪ੍ਰਾਈਜਿਜ, ਐੱਮ. ਪੀ. ਐੱਸ. ਕਿੰਗਜ਼ ਸੇਲਜ ਕਾਰਪੋਰੇਸ਼ਨ, ਦੀਪਿਕਾ ਇੰਟਰਪ੍ਰਾਈਜਿਜ਼ ਆਦਿ ਫਰਮਾਂ ਦਾ ਰਿਕਾਰਡ ਨਿਕਾਲਣ ‘ਤੇ ਪਤਾ ਲੱਗਾ ਕਿ ਦੋਸ਼ੀ ਹੁਣ ਤਕ ਲਗਭਗ 325 ਕਰੋੜ ਰੁਪਏ ਦਾ ਘਪਲਾ ਕਰ ਚੁੱਕੇ ਹਨ ਤੇ 50 ਕਰੋੜ ਦੀ ਜੀ. ਐੱਸ. ਟੀ. ਦਾ ਚੂਨਾ ਲਗਾ ਚੁੱਕੇ ਹਨ। ਕੋਰੋਨਾ ਕਾਰਨ GST ਵਿਭਾਗ ਦੀ ਕਾਰਵਾਈ 3 ਮਹੀਨੇ ਲੇਟ ਹੋ ਗਈ। ਇੰਡਸਟਰੀ ਚੱਲਦੇ ਹੀ ਦੋਸ਼ੀ ਲੋਕ ਫਿਰ ਤੋਂ ਬੋਗਸ ਬਿਲਿੰਗ ਵਿਚ ਲੱਗ ਗਏ ਤਾਂ ਵਿਭਾਗ ਵਲੋਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ।