CIA staff arrested : ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਹੋਮਿਓਪੈਥਿਕ ਦਵਾਈਆਂ ਨਾਲ ਭਰੇ ਟਰੱਕ ‘ਚ ਭੁੱਕੀ ਦੀ ਸਮਗਲਿੰਗ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਟਰੱਕ ਨਾਲ ਭੁੱਕੀ ਬਰਾਮਦ ਕਰਨ ਤੋਂ ਬਾਅਦ ਉਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਟਰੱਕ ਡਰਾਈਵਰ ਰਾਜਸਥਾਨ ਤੋਂ ਭੁੱਕੀ ਲੱਦ ਕੇ ਲਿਆਇਆ ਸੀ। ਉਹ ਇਸ ਨੂੰ ਅੱਗੇ ਸਮਗਲਰ ਨੂੰ ਡਲਿਵਰੀ ਦੇਣ ਦੀ ਫਿਰਾਕ ‘ਚ ਸੀ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ CIA ਸਟਾਫ ਨੇ ਨੈਸ਼ਨਲ ਹਾਈਵੇ ‘ਤੇ ਪਰਾਗਪੁਰ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਹੈ। ਇਸ ਦੌਰਾਨ ਹੋਮਿਓਪੈਥਿਕ ਦਵਾਈਆਂ ਨਾਲ ਭਰੇ ਟਰੱਕ ਨੂੰ ਤਲਾਸ਼ੀ ਲਈ ਰੋਕਿਆ ਗਿਆ। ਟਰੱਕ ਡਰਾਈਵਰ ਤੋਂ ਪੁੱਛਗਿਛ ਕੀਤੀ ਗਈ ਤਾਂ ਉਸ ਦੀਆਂ ਗੱਲਾਂ ਤੋਂ ਪੁਲਿਸ ਨੂੰ ਸ਼ੱਕ ਹੋਇਆ। ਪੁਲਿਸ ਨੇ ਟਰੱਕ ਦੀ ਤਲਾਸ਼ ਲਈ ਤਾਂ ਉਸ ਵਿੱਚੋਂ ਛੇ ਪਲਾਸਟਿਕ ਦੇ ਬੈਗ ‘ਚ ਭਰੀ 110 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਰੂਪਨਗਰ ਦੇ ਰੇਲੂਮਾਜਰਾ ਦੇ ਰਹਿਣ ਵਾਲੇ ਸਮਗੱਲਰ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਦੀ ਪੁੱਛਗਿਛ ‘ਚ ਸਮੱਗਲਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਭੁੱਕੀ ਰਾਜਸਥਾਨ ਤੋਂ ਲੈ ਕੇ ਆਇਆ ਸੀ।ਉਹ ਪਿਛਲੇ ਦੋ ਸਾਲ ਤੋਂ ਭੁੱਕੀ ਸਮਗਲਰ ਕਰ ਰਿਹਾ ਹੈ। ਇਸ ਲਈ ਉਹ ਰਾਜਸਥਾਨ ਦੇ ਸਮੱਗਲਰ ਦਿਨੇਸ਼ ਨਾਲ ਜੁੜਿਆ ਹੋਇਆ ਸੀ। ਦਿਨੇਸ਼ ਹੀ ਉਸ ਨੂੰ ਭੁੱਕੀ ਦਿੰਦਾ ਸੀ। ਬਲਵਿੰਦਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਦਿਨੇਸ਼ ਦੇ ਦੱਸੇ ਵਿਅਕਤੀ ਕੋਲ ਲੁਧਿਆਣਾ ਦੇ ਡੇਹਲੋਂ ‘ਚ ਵੀ ਨਸ਼ੇ ਦੀ ਖੇਪ ਸਪਲਾਈ ਕੀਤੀ ਹੈ। ਇਸ ‘ਚੋਂ 100 ਕਿਲੋ ਭੁੱਕੀ ਕਿਸੇ ਦੂਜੇ ਸਮੱਗਲਰ ਨੂੰ ਦੇਣੀ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਫੜੇ ਗਏ ਸਮੱਗਲਰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਕਿ ਉਹ ਜਿਸ ਨੂੰ ਇਥੇ ਭੁੱਕੀ ਮੁਹੱਈਆ ਕਰਾਉਂਦਾ ਸੀ ਉਸ ਨੂੰ ਵੀ ਫੜਿਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ‘ਚ ਭੁੱਕੀ ਦੀ ਸਮਗਲਿੰਗ ਕਰਵਾ ਰਹੇ ਰਾਜਸਥਾਨ ਦੇ ਸਮੱਗਲਰ ਦਿਨੇਸ਼ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ ਤੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।