Ex-serviceman kills : ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖਰਾਏ ਵਿਚ ਜ਼ਮੀਨੀ ਵਿਵਾਦ ਕਾਰਨ ਦੋ ਧੜਿਆਂ ਦਾ ਆਪਸ ਵਿਚ ਲੜਾਈ-ਝਗੜਾ ਹੋ ਗਿਆ, ਜਿਸ ਵਿਚ ਇਕ ਸਾਬਕਾ ਫੌਜੀ ਜਸਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੂਜੇ ਧੜੇ ਦੇ ਦੋ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਇਸ ਲੜਾਈ ਵਿਚ ਇਕ ਹੋਰ ਜ਼ਖਮੀ ਹੋ ਗਿਆ। ਮ੍ਰਿਤਕ ਦਿਲਪ੍ਰੀਤ (28) ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਦੂਜੇ ਮ੍ਰਿਤਕ ਗਗਨਪ੍ਰੀਤ ਦੀ ਵੀ ਗੋਲੀ ਲੱਗਣ ਕਾਰਨ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਮੌਕੇ ਉਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਅਜੇ ਫਰਾਰ ਹੈ।
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਅਲੋਵਾਲ ਵਿਚ ਪੈਂਦੀ ਹੈ। ਜ਼ਮੀਨ ਦੇ ਨਾਲ ਸਬਕਾ ਫੌਜੀ ਜਸਵਿੰਦਰ ਸਿੰਘ ਦੀ ਜ਼ਮੀਨ ਅਤੇ ਘਰ ਹੈ, ਜਸਵਿੰਦਰ ਅਕਸਰ ਖੇਤਾਂ ਦੀ ਵੱਟ ਨੂੰ ਲੈ ਕੇ ਝਗੜਾ ਕਰਦਾ ਸੀ। ਜਦੋਂ ਉਹ ਅੱਜ ਸਵੇਰੇ 8 ਵਜੇ ਆਪਣੀ ਜ਼ਮੀਨ ਵਿਚ ਗਏ ਤਾਂ ਸਾਬਕਾ ਫੌਜੀ ਜਸਵਿੰਦਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਵਿਚ ਉਸ ਦੇ ਭਤੀਜੇ ਦਿਲਪ੍ਰੀਤ ਅਤੇ ਗਗਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਘਸੀਟ ਕੇ ਬੇਰਹਿਮੀ ਨਾਲ ਆਪਣੇ ਘਰ ਲੈ ਗਿਆ ਅਤੇ ਜਦੋਂ ਪਿੰਡ ਵਿਚ ਪਤਾ ਲੱਗਿਆ ਤਾਂ ਲਾਸ਼ਾਂ ਨੂੰ ਘਰ ਤੋਂ ਬਾਹਰ ਸੁੱਟ ਦਿੱਤਾ ਗਿਆ। ਪੀੜਤ ਪਰਿਵਾਰ ਨੇ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਐਸਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਉਹ ਮੌਕੇ ਪਹੁੰਚੇ ਹਨ। ਜਮੀਨੀ ਵਿਵਾਦ ਕਾਰਨ ਇਹ ਲੜਾਈ ਹੋਈ ਹੈ ਜਿਸ ਵਿੱਚ ਸਬਕਾ ਫੌਜੀ ਜਸਵਿੰਦਰ ਆਪਣੇ ਸਾਥੀਆਂ ਸਮੇਤ ਇੱਕ ਪਰਿਵਾਰ ਦੇ ਦੋਵੇਂ ਭਰਾਵਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ ਜਿਸ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।