Fake lieutenant colonel : ਫਤਿਹਗੜ੍ਹ ਸਾਹਿਬ : ਲੁਧਿਆਣਾ ਏਅਰਫੋਰਸ ਸਟੇਸ਼ਨ ‘ਤੇ ਫਰਜ਼ੀ ਲੈਫਟੀਨੈਂਟ ਕਰਨਲ ਬਣ ਕੇ ਫੌਜ ‘ਚ ਭਰਤੀ ਦੇ ਨਾਂ ‘ਤੇ ਲਗਭਗ 125 ਨੌਜਵਾਨਾਂ ਤੋਂ 50 ਲਖ ਰੁਪਏ ਠੱਗਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਪੰਜਾਬ ‘ਚ ਇਕ ਹੋਰ ਫਰਜ਼ੀ ਲੈਫਟੀਨੈਂਟ ਕਰਨਲ ਪੁਲਿਸ ਦੇ ਹੱਥ ਚੜ੍ਹਿਆ ਹੈ। ਇਹ ਲੈਫਟੀਨੈਂਟ ਕਰਨਲ ਆਪਣੇ ਰਿਸ਼ਤੇਦਾਰਾਂ ਨਾਲ ਰੈਕੇਟ ਚਲਾ ਰਿਹਾ ਸੀ। ਲੁਧਿਆਣਾ ਦੇ ਥਾਣਾ ਸਲੇਮਟਾਬਰੀ ਦੇ ਪਿੰਡ ਮੰਝ ਫਗੂਵਾਲਾ ਦੇ ਰਹਿਣ ਵਾਲੇ ਦੋਸ਼ੀ ਸ਼ੋਬਰਾਜ ਸਿੰਘ ਉਰਫ ਸ਼ਿਵਾ ਨੂੰ ਸਰਹਿੰਦ ਸੀ. ਆਈ. ਏ. ਸਟਾਫ ਇੰਚਾਰਜ ਭੁਪਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਨੇ ਗ੍ਰਿਫਤਾਰ ਕੀਤਾ ਹੈ।
ਦੋਸ਼ੀ ਕਰਨਲ ਦੀ ਵਰਦੀ ‘ਚ ਹੀ ਕਾਰ ‘ਚ ਫਲੋਟਿੰਗ ਰੈਸਟੋਰੈਂਟ ਨਹਿਰ ਪੁਲ ਦੇ ਕੋਲ ਜਾ ਰਿਹਾ ਸੀ। ਪੁਲਿਸ ਨੇ ਨਾਕਾਬੰਦੀ ‘ਤੇ ਉਸ ਨੂੰ ਕਾਬੂ ਕਰ ਲਿਆ। ਸ਼ੋਬਰਾਜ ਸਿੰਘ ਖੁਦ ਸਾਲ 2003 ‘ਚ ਫੌਜ ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਤੇ 2014 ‘ਚ ਮੈਡੀਕਲ ਪੈਨਸ਼ਨ ‘ਤੇ ਆਇਆ ਸੀ। ਦੋਸ਼ੀ ਨੇ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਰੈਕੇਟ ਬਣਾ ਲਿਆ ਅਤੇ ਫੌਜ ‘ਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਲੱਗਾ। ਦੋਸ਼ੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਸੈਨਾ ਦੀਆਂ ਵਰਦੀਆਂ ਪਹਿਨਾ ਕੇ ਉਹ ਡਰਾਈਵਰ ਤੇ ਗੰਨਮੈਨ ਦੱਸ ਕੇ ਲੋਕਾਂ ਨਾਲ ਮਿਲਦਾ ਸੀ। ਸਿਪਾਹੀ ਤੋਂ ਲੈ ਕਲਰਕ ਤਕ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਉਹ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ‘ਚ ਇਕ ਦਰਜਨ ਤੋਂ ਵਧ ਲੋਕਾਂ ਤੋਂ ਲੱਖਾਂ ਰੁਪਏ ਠੱਗ ਚੁੱਕਾ ਹੈ। ਦੋਸ਼ੀ ਨੇ ਫਰਜ਼ੀ ਲੈਫਟੀਨੈਂਟ ਕਰਨਲ ਬਣ ਕੇ ਬੈਂਕਾਂ ਨੂੰ 28 ਲੱਖ ਰੁਪਏ ਦਾ ਚੂਨਾ ਲਗਾਇਆ ਹੈ ਤੇ ਉਸ ਖਿਲਾਫ ਲੁਧਿਆਣਾ ਦੇ ਥਾਣਾ ਲਾਡੋਵਾਲ ‘ਚ ਆਰਮਸ ਐਕਟ ਅਤੇ 2016 ‘ਚ ਹਿਮਾਚਲ ਪ੍ਰਦੇਸ਼ ਦੇ ਥਾਣਾ ਬਿਲਾਸਪੁਰ ‘ਚ ਲੁੱਟਮਾਰ ਦੇ ਮਾਮਲੇ ਦਰਜ ਹਨ।
ਦੋਸ਼ੀ ਕੋਲੋਂ 32 ਬੋਰ ਦੀ ਨਾਜਾਇਜ਼ ਪਿਸਤੌਲ, ਤਿੰਨ ਕਾਰਤੂਸ, ਇਕ ਏਅਰ ਪਿਸਟਲ, ਪੰਜ ਜਾਅਲੀ ਮੋਹਰਾਂ, ਲੈਫਟੀਨੈਂਟ ਕਰਨਲ ਦੀ ਵਰਦੀ, ਫੌਜ ਦੀਆਂ ਦੋ ਹੋਰ ਵਰਦੀਆਂ, 10 ਜਾਅਲੀ ਮੋਹਰਾਂ, ਫੌਜ ਦਾ ਇਕ ਕੋਟ, ਜਾਅਲੀ ਦਸਤਾਵੇਜ਼, ਲੈਪਟਾਪ, ਕਾਲੇ ਰੰਗ ਦੀ ਡਾਂਗਰੀ, ਪਰੇਡ ਵਾਲੀ ਤਲਵਾਰ ਆਦਿ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। SSP ਅਮਨੀਤ ਕੌਂਡਲ ਨੇ ਦੱਸਿਆ ਕਿ ਦੋਸ਼ੀ ਸ਼ੋਰਬਾਜ ਸਿੰਘ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ ਤੇ ਜਲਦ ਹੀ ਉਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।