Navjot Singh Sidhu : ਚੰਡੀਗੜ੍ਹ : ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿਥੇ ਸਿਆਸਤ ਵੀ ਗਰਮਾਈ ਹੋਈ ਹੈ ਉਥੇ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਟਵਿੱਟਰ ‘ਤੇ ਚੁੱਪੀ ਸਾਧੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਫਿਰ ਤੋਂ ਸਰਗਰਮ ਹੋ ਗਏ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨਾਂ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਇਸ ਮਹੱਤਵਪੂਰਨ ਮੁੱਦੇ ‘ਤੇ ਵੀ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਚੁੱਪੀ ਤੋੜ ਲਈ ਹੈ ਤੇ ਉਨ੍ਹਾਂ ਕਿਸਾਨਾਂ ਦੇ ਮੁੱਦੇ ‘ਤੇ ਸ਼ਾਇਰਾਨਾ ਅੰਦਾਜ਼ ‘ਚ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਕਿਸਾਨ ਦੇ ਨਾਲ ਹੈ। ਸਿੱਧੂ ਪਿਛਲੀ 21 ਜੁਲਾਈ 2019 ਤੋਂ ਬਾਅਦ ਦੁਬਾਰਾ ਤੋਂ ਸਰਗਰਮ ਹੋਏ ਹਨ। ਉਨ੍ਹਾਂ ਨੇ ਪਿਛਲੀ ਵਾਰ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਟਿੱਪਣੀ ਕੀਤੀ ਸੀ, ਇਸ ਤੋਂ ਬਾਅਦ ਉਹ ਟਵਿੱਟਰ ‘ਤੇ ਚੁੱਪ ਸਨ।
ਅੱਜ ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ‘ਚ ਦੋ ਟਵੀਟ ਕੀਤੇ। ਪਹਿਲੇ ਟਵੀਟ ‘ਚ ਉਨ੍ਹਾਂ ਕਿਹਾ ਕਿ ਕਿਸਾਨੀ ਪੰਜਾਬ ਦੀ ਰੂਹ, ਸਰੀਰ ਤੇ ਜ਼ਖਮ ਭਰ ਜਾਂਦੇ ਹਨ ਪਰ ਆਤਮਾ ਦੇ ਨਹੀਂ। ਸਾਡੀ ਹੋਂਦ ‘ਤੇ ਹਮਲਾ ਬਰਦਾਸ਼ਤ ਨਹੀਂ। ਦੂਜੇ ਟਵੀਟ ‘ਚ ਉਨ੍ਹਾਂ ਕਿਹਾ ਕਿ ‘ਸਰਕਾਰੇਂ ਤਮਾਮ ਉਮਰ ਯਹੀ ਭੂਲ ਕਰਤੀ ਰਹੀਂ, ਧੂਲ ਉਨਕੇ ਚਿਹਰੇ ਪਰ ਥੀ, ਆਈਨਾ ਸਾਫ ਕਰਤੀ ਰਹੀ।’ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਜਿਸ ‘ਚ ਲਿਖਿਆ ਹੈ ‘ਕਿਸਾਨ ਸਾਡਾ ਮਾਣ, ਕਿਸਾਨ ਸਾਡੀ ਪਛਾਣ, ਕਿਸਾਨ ਸਾਡੀ ਪੱਗ।
ਨਵਜੋਤ ਸਿੰਘ ਸਿੱਧੂ ਆਪਣੀ ਪੋਸਟਾਂ ਰਾਹੀਂ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਕਿਸਾਨਾਂ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਖੜ੍ਹੇ ਹਨ। ਪੰਜਾਬ ਕਾਂਗਰਸ ਵੱਲੋਂ ਪਹਿਲਾਂ ਹੀ ਇਨ੍ਹਾਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਤੇ ਹੁਣ ਸਿੱਧੂ ਵੀ ਇਸ ਮੁੱਦੇ ‘ਤੇ ਬੋਲ ਪਏ ਹਨ ਤੇ ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਨੂੰ ਲੈ ਦੇਸ਼ ਦੇ ਕਿਸਾਨ ਸੜਕਾਂ ‘ਤੇ ਆ ਗਏ ਹਨ ਪਰ ਫਿਰ ਵੀ ਖੇਤੀ ਆਰਡੀਨੈਂਸ ਸੰਸਦ ‘ਚ ਪਾਸ ਕਰ ਦਿੱਤੇ ਗਏ ਹਨ। ਦੇਖੋ, ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਕੀ ਨਤੀਜਾ ਨਿਕਲੇਗਾ?