ਪੰਜਾਬ ‘ਚ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਵਿਚ ਪੁਲਿਸ ਨੂੰ ਲਗਾਤਾਰ ਸਫ਼ਲਤਾ ਮਿਲ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ SSP ਕੰਵਰਦੀਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਦਿਆਂ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ। ਇਸ ਚੇਕਿੰਗ ਵਿਚ ਪੁਲਿਸ ਨੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 227 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ SSP ਦਫ਼ਤਰ ਫਿਰੋਜ਼ਪੁਰ ਦੇ ਅਧਿਕਾਰੀ ਨੇ ਦੱਸਿਆ ਕਿ ਥਾਣਾ ਕਿਠਾਣਾ ਸਦਰ ਫਿਰੋਜ਼ਪੁਰ ਦੇ SHO ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਟੀਮ ਜਦੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਬਰਟ ਰੋਡ ‘ਤੇ ਪਹੁੰਚੀ ਤਾਂ ਪੁਲਿਸ ਦੀ ਟੀਮ ਨੂੰ ਇਕ ਮੋਟਰਸਾਈਕਲ ‘ਤੇ 3 ਸ਼ੱਕੀ ਵਿਅਕਤੀ ਮਿਲੇ। ਪੁਲਿਸ ਨੂੰ ਦੇਖ ਕੇ ਉਹ ਘਬਰਾ ਗਏ ਅਤੇ ਪਿੱਛੇ ਨੂੰ ਭੱਜਣ ਲੱਗੇ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 87 ਗ੍ਰਾਮ ਹੈਰੋਇਨ ਬਰਾਮਦ ਹੋਈ।ਦੋਸ਼ੀਆਂ ਦੀ ਪਛਾਣ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਖਾਈ ਫੇਮੇਕੀ, ਮਨਪ੍ਰੀਤ ਸਿੰਘ ਪੁੱਤਰ ਸਤਪਾਲ ਅਤੇ ਯੂਸਫ਼ ਪੁੱਤਰੀ ਸਿੰਘ ਪੁੱਤਰ ਸਵ. ਅਜ਼ੀਜ਼ ਵਾਸੀ ਇੰਦਰਾ ਕਾਲੋਨੀ ਫਿਰੋਜ਼ਪੁਰ ਵੱਜੋਂ ਹੋਈ ਹੈ।
ਥਾਣਾ ਘੱਲਖੁਰਦ ਨੇ ਨਾਰਕੋਟਿਕਸ ਕੰਟਰੋਲ ਸੈੱਲ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਜਰਨੈਲ ਸਿੰਘ ਚੌਕੀ ਇੰਚਾਰਜ ਮੁੱਦਕੀ ਅਤੇ ASI ਬੂਟਾ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ‘ਤੇ ਸੁਖਦੇਵ ਸਿੰਘ ਨੂੰ 25 ਗ੍ਰਾਮ ਹੈਰੋਇਨ ਅਤੇ ਗੁਰਪ੍ਰੀਤ ਸਿੰਘ ਉਰਫ ਪੀਤਾ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਜੀਰਾ ਪੁਲਿਸ ਨੇ ASI ਜੋਰਾ ਸਿੰਘ ਦੀ ਅਗਵਾਈ ਹੇਠ ਮੱਲੋਆ ਰੋਡ ‘ਤੇ ਕਾਬਲ ਸਿੰਘ ਉਰਫ਼ ਮੁਨਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ BSF ਦੀ ਵੱਡੀ ਕਾਰਵਾਈ, ਸਰਹੱਦ ਪਾਰ ਕਰ ਆਏ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਗਿਰਾਇਆ
ਇਸ ਦੇ ਨਾਲ ਹੀ ASI ਲਖਵਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਥਾਣਾ ਮੱਖੂ ਦੀ ਪੁਲਿਸ ਨੇ ਸ਼ਮਸ਼ਾਨਘਾਟ ਨੇੜਿਓਂ ਗੁਰਵਿੰਦਰ ਸਿੰਘ ਉਰਫ਼ ਰੈਂਬੋ ਨੂੰ ਕਾਬੂ ਕਰਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ASP ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਥਾਣਾ ਮੱਲਾਂਵਾਲਾ ਨੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਲਟੋਹਾ ਦੇ ਇਲਾਕੇ ਵਿੱਚ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਹਰਬੰਸ ਸਿੰਘ ਉਰਫ਼ ਬੰਸ ਵਾਸੀ ਪਿੰਡ ਕਮਾਲ ਵਾਲਾ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਅਨੁਸਾਰ ASI ਜੋਰਾ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਾਮੀ ਵਿਅਕਤੀ ਹੈਰੋਇਨ ਵੇਚਣ ਦਾ ਆਦੀ ਹੈ ਜੋ ਮੱਲੋਆ ਰੋਡ ‘ਤੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਤਾਂ ਪੁਲਿਸ ਪਾਰਟੀ ਨੇ ਤੁਰੰਤ ਛਾਪਾ ਮਾਰ ਕੇ ਉਸ ਨੂੰ ਵੀ ਕਾਬੂ ਕਰ ਲਿਆ।ਦੋਸ਼ੀ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ, ਥਾਣਾ ਘੱਲਾਖੁਰਦ, ਥਾਣਾ ਸਿਟੀ ਜੀਰਾ ਵਿਖੇ NDPS ਐਕਟ ਤਹਿਤ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 1 ਕਰੋੜ 13 ਲੱਖ ਰੁਪਏ ਦੇ ਕਰੀਬ ਹੈ।