Slogans chanted by : ਖੰਨਾ : ਪੰਜਾਬ ਕਾਂਗਰਸ ਸਰਕਾਰ ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ। ਪਾਰਟੀ ਦੇ ਦੋ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਆਪਣੀ ਹੀ ਪਾਰਟੀ ਲਈ ਬਾਗੀ ਹੋ ਗਏ ਹਨ। ਸੋਮਵਾਰ ਨੂੰ ਗੁੱਸੇ ‘ਚ ਆਏ ਕਾਂਗਰਸੀ ਵਰਕਰ ਆਪਣੀ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਰਿਹਾਇਸ਼ ਨੂੰ ਘੇਰਨ ਦੂਜੀ ਵਾਰ ਪੁੱਜੇ। ਇਸ ਵਾਰ ਰਾਏਕੋਟ ਤੋਂ ਕਾਂਗਰਸੀ ਵਰਕਰ ਖੰਨਾ ਪੁੱਜੇ। ਹਾਲਾਂਕਿ ਸੰਸਦ ਮੈਂਬਰ ਸਮਰਾਲਾ ਰੋਡ ਸਥਿਤ ਆਪਣੀ ਰਿਹਾਇਸ਼ ‘ਤੇ ਨਹੀਂ ਸਨ ਪਰ ਪੂਰੀ ਤਿਆਰੀ ਨਾਲ ਬੈਠੀ ਖੰਨਾ ਪੁਲਿਸ ਨੇ ਇਸ ਵਾਰ ਕਾਂਗਰਸੀਆਂ ਨੂੰ ਦੂਲੋ ਦੇ ਘਰ ਦੇ ਨੇੜੇ ਵੀ ਨਹੀਂ ਜਾਣ ਦਿੱਤਾ। ਉਨ੍ਹਾਂ ਨੇ ਬੈਰੀਕੇਟ ਲਗਾ ਕੇ ਪਹਿਲਾਂ ਹੀ ਰੋਕ ਲਿਆ ਗਿਆ।
ਰਾਏਕੋਟ ਤੋਂ ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਯੂਥ ਕਾਂਗਰਸ ਦੇ ਸਕੱਤਰ ਪ੍ਰਭਦੀਪ ਸਿੰਘ ਗਰੇਵਾਲ ਇਨ੍ਹਾਂ ਦੀ ਅਗਵਾਈ ਕਰ ਰਹੇ ਸਨ। ਮੌਕੇ ‘ਤੇ ਖੰਨਾ ਦੇ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਤੇ SHO ਸਿਟੀ-2 ਰਣਦੀਪ ਕੁਮਾਰ ਭਾਰੀ ਪੁਲਿਸ ਪਾਰਟੀ ਸਮੇਤ ਉਥੇ ਪੁੱਜੇ। ਬੈਰੀਕੇਟਸ ਤੋਂ ਕਾਫੀ ਪਹਿਲਾਂ ਹੀ ਲਗਭਗ 100 ਵਰਕਰਾਂ ਨੂੰ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਰੋਕ ਕੇ ਦੱਸਿਆ ਕਿ ਸੰਸਦ ਮੈਂਬਰ ਦੂਲੋ ਘਰ ‘ਤੇ ਨਹੀਂ ਹਨ ਪਰ ਉਹ ਨਹੀਂ ਮੰਨੇ। ਆਖਿਰ ਬੈਰੀਕੇਟਸ ‘ਤੇ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਕਾਂਗਰਸੀਆਂ ਨੇ ਦੂਲੋ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਨੇ ਪਾਰਟੀ ਖਿਲਾਫ ਗਲਤ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਨੂੰ ਕਿਹਾ। ਇਸ ਤੋਂ ਬਾਅਦ ਲਗਭਗ 5 ਮਿੰਟ ਤਕ ਕਾਂਗਰਸੀ ਵਰਕਰ ਧਰਨੇ ‘ਤੇ ਬੈਠੇ ਰਹੇ। ਉਸ ਤੋਂ ਬਾਅਦ ਉਹ ਵਾਪਸ ਪਰਤ ਗਏ।
ਇਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਖਿਲਾਫ ਕਾਫੀ ਨਾਅਰੇਬਾਜ਼ੀ ਕੀਤੀ। ਤੇ ਦੂਲੋ ਕੈਪਟਨ ਨੂੰ ਹਮੇਸ਼ਾ ਨਿਸ਼ਾਨੇ ‘ਤੇ ਲੈਂਦੇ ਰਹੇ ਹਨ। ਸੁਨੀਲ ਜਾਖੜ ਨੇ ਮਾਮਲੇ ਦੀ ਸ਼ਿਕਾਇਤ ਹਾਈਕਮਾਨ ਤਕ ਪਹੁੰਚਾ ਦਿੱਤੀ ਹੈ। ਹਾਈਕਮਾਨ ਵਲੋਂ ਹੁਣ ਤਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਦੂਲੋ ਤੇ ਕੈਪਟਨ ਦੀ ਪੁਰਾਣੀ ਸਿਆਸੀ ਲੜਾਈ ਹੈ।