ਪੰਜਾਬ ਦੇ ਤਰਨਤਾਰਨ ‘ਚ ਪੁਲਿਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਛਾਪੇਮਾਰੀ ਦੌਰਾਨ 2 ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਦੱਸਿਆ ਜਾ ਰਿਹਾ ਹੈ, ਇਹ ਗਿਰੋਹ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਫਿਲਹਾਲ ਪੁਲਿਸ ਨੇ ਫੜੇ ਗਏ 3 ਲੁਟੇਰਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਤਰਨਤਾਰਨ ਬੱਸ ਸਟੈਂਡ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡਰੇਨ ’ਤੇ ਸਥਿਤ ਮੌਲਸਰੀ ਪੈਲੇਸ ਨੇੜੇ ਮੁਲਜ਼ਮਾਂ ਦੇ ਇਕੱਠੇ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਲਗਾਤਾਰ ਇਨ੍ਹਾਂ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਹ ਫ਼ਰਾਰ ਸਨ। ਪਰ ਅੱਜ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਯੋਜਨਾ ਬਣਾ ਕੇ ਛਾਪੇਮਾਰੀ ਕੀਤੀ ਅਤੇ ਮੁਰਾਦਪੁਰਾ ਵਾਸੀ ਧੰਮੀ, ਬਾਬਾ ਜੀਵਨ ਸਿੰਘ ਭਿੱਖੀਵਿੰਡ ਵਾਸੀ ਬਲਜਿੰਦਰ ਸਿੰਘ ਉਰਫ਼ ਬਿੱਟੂ ਅਤੇ ਵੈਰੋਵਾਲ ਵਾਸੀ ਅੰਗਦ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਦੋਂਕਿ ਦੋ ਸਾਥੀ ਮੁਰਾਦਪੁਰਾ ਵਾਸੀ ਵੈਲੀ ਅਤੇ ਗੁਰਪ੍ਰੀਤ ਭੱਜਣ ਵਿੱਚ ਕਾਮਯਾਬ ਹੋ ਗਏ ਹਨ।
ਇਹ ਵੀ ਪੜ੍ਹੋ : ਹੁਣ ਪੜ੍ਹਾਈ ਦੌਰਾਨ ਬੋਰ ਨਹੀਂ ਹੋਣਗੇ ਵਿਦਿਆਰਥੀ, ਸਕੂਲਾਂ ‘ਚ ਪੈਰਾਡਾਈਮ ਤਕਨੀਕ ਨਾਲ ਦਿੱਤੀ ਜਾਵੇਗੀ ਸਿੱਖਿਆ
ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਕਾਫੀ ਸਮੇਂ ਤੋਂ ਸੁੰਨਸਾਨ ਥਾਵਾਂ ‘ਤੇ ਲੋਕਾਂ ਨੂੰ ਘੇਰ ਕੇ ਧਮਕੀਆਂ ਦੇਣ ਅਤੇ ਪੈਸੇ ਵਸੂਲਣ ਦੀਆਂ ਕਈ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਸਨ। ਜਿਸ ਕਰਕੇ ਇਨ੍ਹਾਂ ਮੁਲਜ਼ਮਾਂ ਦੀ ਕਾਫੀ ਸਮੇਂ ‘ਤੋਂ ਭਾਲ ਜਾਰੀ ਸੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਕਿਰਪਾਨਾਂ, ਇੱਕ ਬੇਸਬਾਲ ਬੈਟ, ਇੱਕ ਦਾਤਰ, ਇੱਕ ਐਕਟਿਵਾ ਅਤੇ ਇੱਕ ਪਰਸ ਬਰਾਮਦ ਕੀਤਾ ਹੈ। ਪੁਲਿਸ ਨੇ ਕਿਹਾ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜਲਦੀ ਹੀ ਦੋ ਭਗੌੜੇ ਮੁਲਜ਼ਮਾਂ ਨੂੰ ਵੀ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: