ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਨਵਾਂ ਸੰਕਟ ਪੈਦਾ ਹੋ ਗਿਆ ਹੈ। ਸੀ.ਐੱਮ. ਮਾਨ ਨੇ ਦਾਅਵਾ ਕੀਤਾ ਸੀ ਕਿ ਮੰਡੀਆਂ ਵਿੱਚੋਂ ਇੱਕ-ਇੱਕ ਕਣਕ ਦਾ ਦਾਣਾ ਖਰੀਦਿਆ ਜਾਵੇਗਾ, ਉਥੇ ਹੀ ਇਸ ਵਾਰ ਸਮੇਂ ਤੋਂ ਪਹਿਲਾਂ ਹੀ ਵਧੇ ਪਾਰੇ ਦਾ ਅਸਰ ਕਣਕ ਦੀ ਫ਼ਸਲ ‘ਤੇ ਪਿਆ ਹੈ, ਜਿਸ ਕਰਕੇ ਕਣਕ ਦੇ ਦਾਣੇ ਸੁੰਗੜ ਗਏ ਹਨ ਤੇ ਕਿਸਾਨਾਂ ਨੂੰ ਕਾਫੀ ਘਾਟਾ ਵੀ ਪਿਆ ਹੈ। ਇਕ ਪਾਸੇ ਕਿਸਾਨ ਪਹਿਲਾਂ ਹੀ ਇਸ ਵਾਰ ਉਪਜ ਖਰਾਬ ਹੋਣ ਕਰਕੇ ਮਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਦੂਜੇ ਪਾਸੇ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਰੁਕ ਗਈ ਹੈ। ਦਰਅਸਲ ਭਾਰਤੀ ਖ਼ੁਰਾਕ ਨਿਗਮ ਵੱਲੋਂ ਪੰਜਾਬ ’ਚੋਂ ਲਏ ਕਣਕ ਦੇ ਸੈਂਪਲ ਦਾਣਾ ਸੁੰਗੜਨ ਕਰਕੇ ਫ਼ੇਲ੍ਹ ਹੋਣ ਲੱਗੇ ਹਨ।
ਭਾਰਤੀ ਖ਼ੁਰਾਕ ਨਿਗਮ ਨੇ ਪਹਿਲਾਂ ਹੀ ਸੁੰਗੜੇ ਦਾਣੇ ਵਾਲੀ ਫ਼ਸਲ ਦੀ ‘ਸਿੱਧੀ ਡਲਿਵਰੀ’ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਬੀਤੇ ਦਿਨ ਅਨਾਜ ਭਵਨ ’ਚ ਮੀਟਿੰਗ ਕਰਕੇ ਕਣਕ ਦੀ ਖ਼ਰੀਦ ਦਾ ਬਾਈਕਾਟ ਕਰ ਦਿੱਤਾ ਹੈ, ਜਿਸ ਦਾ ਅਸਰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਕਣਕ ਦੀ ਖ਼ਰੀਦ ‘ਤੇ ਪਿਆ ਹੈ। ਮਿਲੀ ਜਾਣਕਾਰੀ ਮੁਤਾਬਕ ਖਰੀਦ ਏਜੰਸੀਆਂ ਨੇ ਮੀਟਿੰਗ ਵਿੱਚ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖ਼ਰੀਦ ਨੀਤੀ ਵਿਚ ਸੋਧ ਨਹੀਂ ਕਰਦੀ ਉਦੋਂ ਤੱਕ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ।
ਆਗੂਆਂ ਨੇ ਦੱਸਿਆ ਕਿ ਉਨ੍ਹਾਂ 8 ਅਪਰੈਲ ਨੂੰ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਸੀ ਪਰ ਕਿਤੋਂ ਕੋਈ ਹੁੰਗਾਰਾ ਨਹੀਂ ਮਿਲਿਆ। ਖ਼ਰੀਦ ਏਜੰਸੀਆਂ ਨੇ ਕੁਝ ਦਿਨ ਪਹਿਲਾਂ ਕਣਕ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਚੁੱਕੇ ਸਨ, ਜਿਸ ਕਰਕੇ ਭਾਰਤੀ ਖ਼ੁਰਾਕ ਨਿਗਮ ਨੇ ਮੰਡੀਆਂ ’ਚੋਂ ਕਣਕ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਸੈਂਪਲਾਂ ਦੇ ਨਤੀਜੇ ਸਾਹਮਣੇ ਆਏ ਹਨ ਜਿਨ੍ਹਾਂ ਅਨੁਸਾਰ ਕਣਕ ਦੇ ਦਾਣੇ 8 ਤੋਂ 20 ਫ਼ੀਸਦੀ ਤੱਕ ਸੁੰਗੜੇ ਹਨ ਜਦਕਿ ਤੈਅ ਮਾਪਦੰਡਾਂ ਅਨੁਸਾਰ ਇਹ ਦਰ ਛੇ ਫ਼ੀਸਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਭਾਰਤੀ ਖ਼ੁਰਾਕ ਨਿਗਮ ਸੰਗਰੂਰ ਦੇ ਜ਼ਿਲ੍ਹਾ ਮੈਨੇਜਰ ਵਿਵੇਕ ਚੌਰਸੀਆ ਨੇ ਕਿਹਾ ਕਣਕ ਦੀ ਸੈਂਪਲਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਕੁਝ ਥਾਵਾਂ ’ਤੇ ਸੈਂਪਲ ਫ਼ੇਲ੍ਹ ਆਏ ਹਨ। ਪੰਜਾਬ ਵਿਚ ਹੁਣ ਤੱਕ ਕਰੀਬ 12 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਅੱਜ ਚਾਰ ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਹੈ।