ਅਜਨਾਲਾ ਦੇ ਪਿੰਡ ਜਟਾਂ ਵਿਖੇ ਘਰ ਵਿਚ ਜ਼ਬਰਦਸਤ ਧਮਾਕਾ ਹੋਇਆ ਹੈ ਤੇ ਇਸ ਵਿਚ ਕਾਰ ਦੇ ਸ਼ੀਸ਼ੇ ਤੇ 2 ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। 2 ਔਰਤਾਂ ਵੀ ਇਸ ਵਿਚ ਜ਼ਖਮੀ ਹੋਈਆਂ ਦੱਸੀਆਂ ਜਾ ਰਹੀਆਂ ਹਨ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੈ। ਬੀਤੀ ਰਾਤ ਪੰਜਾਬ ਬੰਦ ਦੀ ਕਾਲ ਤੋਂ ਪਹਿਲਾਂ ਇਹ ਹਾਦਸਾ ਵਾਪਰਿਆ ਹੈ।
ਪੀੜਤ ਪਰਿਵਾਰਕ ਮੈਂਬਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋ ਅਣਪਛਾਤੇ ਲੋਕ ਇਥੇ ਆਏ। ਦੋਵਾਂ ਦੇ ਮੂੰਹ ਕੱਪੜੇ ਨਾਲ ਢਕ ਹੋਏ ਸਨ। ਉਨ੍ਹਾਂ ਨੇ ਪਹਿਲਾਂ ਇਕ ਗ੍ਰਨੇਡ ਸੁੱਟਿਆ ਜਿਸ ਨਾਲ ਘਰ ਨੂੰ ਨੁਕਸਾਨ ਪਹੁੰਚਿਆ ਤੇ ਗੱਡੀ ਦੇ ਸ਼ੀਸ਼ੇ ਟੁੱਟ ਗਏ। ਇਹ ਗ੍ਰਨੇਡ ਹਮਲਾ ਹੋ ਸਕਦਾ ਹੈ ਪਰ ਡੇਲੀ ਪੋਸਟ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਹਮਲਾ ਗ੍ਰਨੇਡ ਨਾਲ ਹੋਇਆ ਹੈ ਜਾਂ ਨਹੀਂ।
ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਲੋਕਾਂ ਵਿਚ ਕਾਫੀ ਸਹਿਮ ਦਾ ਮਾਹੌਲ ਹੈ। ਪੰਜਾਬ ਬੰਦ ਦੀ ਕਾਲ ਵਿਚਾਲੇ ਇਸ ਤਰ੍ਹਾਂ ਦੀ ਘਟਨਾ ਸੁਰੱਖਿਆ ਵਿਵਸਥਾ ‘ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ।







