ਪੰਜਾਬ ਵਿਚ ਕੌਮੀ ਇਨਸਾਫ ਮੋਰਚੇ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਨੇ, ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ। ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਹਾਈਵੇ ਬੰਦ ਕੀਤੇ ਜਾਣ ਕਰਕੇ ਬੱਸ, ਆਟੋ ਤੇ ਟੈਕਸੀ ‘ਤੇ ਅਸਰ ਪਵੇਗਾ। ਮੋਰਚੇ ਨੇ ਬੰਦ ਦੌਰਾਨ ਰੇਲਵੇ ਟ੍ਰੈਕ ਵੀ ਜਾਮ ਕਰਨ ਦਾ ਐਲਾਨ ਕੀਤਾ ਹੈ। ਆਮ ਲੋਕਾਂ ਲਈ ਵੀ ਦਿੱਕਤ ਦੇਖਣ ਨੂੰ ਮਿਲ ਸਕਦੀ ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਥਿਤੀ ਨੂੰ ਸ਼ਾਂਤਮਈ ਬਣਾਏ ਰੱਖਣ ਲਈ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ। SGPC ਵੱਲੋਂ ਵੀ ਇਸ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ। ਪੰਜਾਬ ਬੰਦ ਕਾਰਨ ਲੋਕ ਬੱਸ ਸਟੈਂਡ ‘ਤੇ ਖੱਜਲ-ਖੁਆਰ ਹੋ ਰਹੇ ਹਨ। ਪੰਜਾਬ ਬੰਦ ਦਾ ਅਸਰ ਨਾਭਾ ‘ਚ ਦਿਖਾਈ ਦਿੱਤਾ। ਬਾਜ਼ਾਰ, ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਸਨ ਤੇ ਕਿਸਾਨ ਜਥੇਬੰਦੀ ਨੇ ਬੋੜਾਂ ਗੇਟ ਚੌਂਕ ‘ਚ ਧਰਨਾ ਲਗਾਇਆ ਹੈ।

ਲੁਧਿਆਣਾ ਤੇ ਪਠਾਨਕੋਟ ਵਿਚ ਪੰਜਾਬ ਬੰਦ ਦਾ ਰਲਵਾਂ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਰਨਾਲਾ ਵਿਚ ਵੀ ਕਿਤੇ-ਕਿਤੇ ਦੁਕਾਨਾਂ ਖੁਲ੍ਹੀਆਂ ਹਨ ਤੇ ਕਈ ਦੁਕਾਨਾਂ ਦੇ ਸ਼ਟਰ ਲੱਗੇ ਹੋਏ ਹਨ। ਖਰੜ ਤੋਂ ਚੰਡੀਗੜ੍ਹ-ਮੋਹਾਲੀ ਜਾਣ ਵਾਲੀ ਆਵਾਜਾਈ ਮੁਕੰਮਲ ਤੌਰ ‘ਤੇ ਰੋਕ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਂ-ਥਾਂ ‘ਤੇ ਪੁਲਿਸ ਦੇ ਨਾਕੇ ਲਗਾਏ ਗਏ ਹਨ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸਮਰਾਲਾ ‘ਚ ਪੰਜਾਬ ਬੰਦ ਦਾ ਅਸਰ ਦਿਖਾਈ ਦਿੱਤਾ। ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਸ਼ਹਿਰ ਦੇ ਬਾਜ਼ਾਰ ਤੇ ਦੁਕਾਨਾਂ ਪੂਰਨ ਤੌਰ ‘ਤੇ ਬੰਦ ਹਨ।

ਹੁਸ਼ਿਆਰਪੁਰ ‘ਚ ਪੰਜਾਬ ਬੰਦ ਦਾ ਦਿਖਾਈ ਅਸਰ ਦੇ ਰਿਹਾ ਹੈ। ਨਿਹੰਗ ਸਿੰਘਾਂ ਨੇ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਮੁੱਖ ਮਾਰਗ ਜਾਮ ਕੀਤਾ ਹੈ ਤੇ ਸੜਕ ‘ਤੇ ਦਰੀਆਂ ਵਿਛਾ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਹਨ।
ਕੌਮੀ ਇਨਸਾਫ ਮੋਰਚੇ ਦਾ ਕਹਿਣਾ ਹੈ ਕਿ ਲਗਾਤਾਰ ਸਾਡੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਪਰ ਸਰਕਾਰ ਵੱਲੋਂ ਇਸ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਬੰਦ ਦਾ ਸਰਕਾਰ ‘ਤੇ ਕੀ ਅਸਰ ਹੋਵੇਗਾ। ਕੀ ਅੱਜ ਦੇ ਬੰਦ ਮਗਰੋਂ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਚੁੱਕੇਗੀ?







