ਗੁਜਰਾਤ ਦੇ ਰਹਿਣ ਵਾਲੇ ਮਨਸੁਖਭਾਈ ਪ੍ਰਜਾਪਤੀ ਨੇ ਬਿਨਾਂ ਬਿਜਲੀ ਤੋਂ ਚੱਲਣ ਵਾਲਾ ਫਰਿਜ ਬਣਾਇਆ ਹੈ। ਮਨਸੁਖਭਾਈ ਦਾ ਫਰਿੱਜ ਪੂਰੀ ਤਰ੍ਹਾਂ ਤੋਂ ਇਕੋਫ੍ਰੈਂਡਲੀ ਹੈ। ਇਸ ਵਿਚ ਕਈ ਦਿਨਾਂ ਤੱਕ ਪਾਣੀ, ਦੁੱਧ, ਸਬਜ਼ੀ, ਫਲ ਫਰੈੱਸ਼ ਰਹਿੰਦਾ ਹੈ।
ਨਾਲ ਹੀ ਮਨਸੁਖਭਾਈ ਟ੍ਰੈਡੀਸ਼ਨਲ ਤਰੀਕੇ ਨਾਲ ਛੱਡ ਗਈ ਤਕਨੀਕ ਨਾਲ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਵੀ ਕਰ ਰਹੇ ਹਨ। ਮਨਸੁਖਭਾਈ ਮਿਟੀਕੂਲ ਨਾਂ ਨਾਲ ਬਿਜ਼ਨੈੱਸ ਚਲਾ ਰਹੇ ਹਨ ਤੇ ਸਾਲਾਨਾ 3 ਕਰੋੜ ਤੋਂ ਵਧ ਦਾ ਕਾਰੋਬਾਰ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਮਨਸੁਖਭਾਈ 10ਵੀਂ ਪਾਸ ਵੀ ਨਹੀਂ ਹਨ। ਉਨ੍ਹਾਂ ਨੇ 10ਵੀਂ ਫੇਲ੍ਹ ਹੋਣ ਤੋਂ ਬਾਅਦ ਹੋਰ ਪੜ੍ਹਾਈ ਨਹੀਂ ਕੀਤੀ। ਦਰਅਸਲ, ਮਨਸੁਖਭਾਈ ਘੁਮਿਆਰ ਭਾਈਚਾਰੇ ਦੇ ਹਨ। ਉਨ੍ਹਾਂ ਦੇ ਪਰਿਵਾਰ ਸਾਲਾਂ ਤੋਂ ਮਿੱਟੀ ਦੇ ਭਾਂਡੇ ਬਣਾਉਂਦੇ ਸਨ। ਮਨਸੁਖਭਾਈ ਦਾ ਬਚਪਨ ਬੇਹੱਦ ਗਰੀਬੀ ਵਿੱਚ ਬੀਤਿਆ।
ਮਨਸੁਖਭਾਈ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਸਵੇਰੇ 4 ਵਜੇ ਉੱਠ ਕੇ ਮਿੱਟੀ ਲੈਣ ਜਾਂਦੀ ਸੀ। ਪਿਤਾ ਅਤੇ ਪਰਿਵਾਰਕ ਮੈਂਬਰ ਮਿੱਟੀ ਦੇ ਭਾਂਡੇ ਬਣਾਉਂਦੇ ਸਨ, ਪਰ ਮਿਹਨਤ ਦੇ ਹਿਸਾਬ ਨਾਲ ਕੋਈ ਕਮਾਈ ਨਹੀਂ ਹੁੰਦੀ ਸੀ। ਮਨਸੁਖਭਾਈ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਪੜ੍ਹ-ਲਿਖ ਕੇ ਕੁਝ ਚੰਗਾ ਕਰਨ, ਪਰ ਉਹ 10ਵੀਂ ਜਮਾਤ ਵਿਚ ਫੇਲ ਹੋ ਗਿਆ ਅਤੇ ਉਸ ਤੋਂ ਬਾਅਦ ਉਸ ਨੇ ਅੱਗੇ ਦੀ ਪੜ੍ਹਾਈ ਨਾ ਕਰਨ ਦਾ ਫੈਸਲਾ ਕੀਤਾ।
ਫਿਰ 15 ਸਾਲ ਦੀ ਉਮਰ ਵਿੱਚ ਮਨਸੁਖਭਾਈ ਦੇ ਪਿਤਾ ਨੇ ਉਨ੍ਹਾਂ ਲਈ ਚਾਹ ਦੀ ਦੁਕਾਨ ਖੋਲ੍ਹੀ। ਮਨਸੁਖਭਾਈ ਚਾਹ ਵੇਚਣ ਲੱਗ ਪਏ। ਉਹ ਦੱਸਦੇ ਹਨ ਕਿ ਇੱਕ ਦਿਨ ਮਿੱਟੀ ਤੋਂ ਬਣੇ ਕਾਬੇਲੂ ਯਾਨੀ ਕਿ ਟਾਈਲਾਂ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਚਾਹ ਪੀਣ ਲਈ ਉਨ੍ਹਾਂ ਦੀ ਦੁਕਾਨ ‘ਤੇ ਆਏ। ਇਸ ਦੌਰਾਨ ਉਨ੍ਹਾਂ ਨੇ ਮਨਸੁਖਭਾਈ ਨੂੰ ਫੈਕਟਰੀ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਅਤੇ ਇਸ ਤੋਂ ਉਸਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ।
ਮਨਸੁਖਭਾਈ ਨੂੰ ਕਾਬੇਲੂ ਦੀ ਫੈਕਟਰੀ ਵਿੱਚ ਕੰਮ ਕਰਨ ਦੇ ਸਿਰਫ਼ 300 ਰੁਪਏ ਮਿਲਦੇ ਸਨ। ਇਸ ਤੋਂ ਬਾਅਦ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਦੇ ਲਈ ਮਨਸੁਖਭਾਈ ਨੇ ਇੱਕ ਸੇਠ ਤੋਂ 50 ਹਜ਼ਾਰ ਰੁਪਏ ਕਰਜ਼ਾ ਮੰਗਿਆ ਪਰ ਉਸਦੇ ਪਰਿਵਾਰਕ ਮੈਂਬਰ ਇਸ ਲਈ ਰਾਜ਼ੀ ਨਹੀਂ ਸਨ। ਪਰਿਵਾਰਕ ਮੈਂਬਰਾਂ ਨੂੰ ਡਰ ਸੀ ਕਿ ਇੰਨੇ ਪੈਸੇ ਦੇਣੇ ਉਨ੍ਹਾਂ ਲਈ ਅਸੰਭਵ ਹੋ ਜਾਣਗੇ। ਫਿਰ ਮਨਸੁਖਭਾਈ ਨੇ 30 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ।
ਮਨਸੁਖਭਾਈ ਨੇ ਸਭ ਤੋਂ ਪਹਿਲਾਂ ਮਿੱਟੀ ਦੀ ਗਰਿੱਲ ਬਣਾਉਣ ਵਾਲੀ ਮਸ਼ੀਨ ਦੀ ਖੋਜ ਕੀਤੀ, ਜਿਸ ਨੂੰ ਉਨ੍ਹਾਂ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਡਿਜ਼ਾਈਨ ਕੀਤਾ ਸੀ। ਇਸ ਦੇ ਨਾਲ ਹੀ 2200 ਵਰਗ ਫੁੱਟ ਜ਼ਮੀਨ ‘ਤੇ ਆਪਣਾ ਸੈੱਟਅੱਪ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ। 2 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਮਨਸੁਖਭਾਈ ਨੂੰ ਸਾਲ 1990 ਵਿੱਚ ਸਫਲਤਾ ਮਿਲੀ। ਫਿਰ ਉਨ੍ਹਾਂ ਨੇ ਮਿੱਟੀ ਦਾ ਵਾਟਰ ਪਿਊਰੀਫਾਇਰ ਬਣਾਇਆ।
2001 ਦੇ ਗੁਜਰਾਤ ਭੂਚਾਲ ਕਾਰਨ ਮਨਸੁਖਭਾਈ ਨੂੰ ਕਾਫੀ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਫਰਿੱਜ ਬਣਾਉਣ ਦਾ ਆਈਡੀਆ ਆਇਆ ਜੋ ਬਿਨਾਂ ਬਿਜਲੀ ਦੇ ਚੱਲਦਾ ਹੈ। ਉਨ੍ਹਾਂ ਨੇ ਸੋਚਿਆ ਕਿ ਮਿੱਟੀ ਤੋਂ ਅਜਿਹਾ ਉਤਪਾਦ ਬਣਾਇਆ ਜਾਵੇ ਜੋ ਸਾਮਾਨ ਨੂੰ ਠੰਡਾ ਅਤੇ ਤਾਜ਼ਾ ਰੱਖ ਸਕੇ। ਬਿਨਾਂ ਲਾਈਟ ਦੇ ਚੱਲੇ ਅਤੇ ਆਮ ਲੋਕ ਆਸਾਨੀ ਨਾਲ ਇਸ ਨੂੰ ਖਰੀਦ ਸਕਣ ਪਰ ਇਸ ਨੂੰ ਬਣਾਉਣ ਵਿਚ ਵੀ ਉਨ੍ਹਾਂ ਨੂੰ 2 ਸਾਲ ਲੱਗ ਗਏ। ਮਿੱਟੀ ਦੇ ਬਣੇ ਇਸ ਫਰਿੱਜ ਵਿੱਚ ਫਲ ਅਤੇ ਸਬਜ਼ੀਆਂ 5 ਤੋਂ 6 ਦਿਨਾਂ ਤੱਕ ਤਾਜ਼ੇ ਰਹਿੰਦੇ ਹਨ। ਇਸ ਦੇ ਅੰਦਰ ਦਵਾਈਆਂ ਅਤੇ ਹੋਰ ਚੀਜ਼ਾਂ ਵੀ ਰੱਖੀਆਂ ਜਾ ਸਕਦੀਆਂ ਹਨ। ਇਹ ਫਰਿੱਜ ਪੂਰੀ ਤਰ੍ਹਾਂ ਈਕੋ ਫਰੈਂਡਲੀ ਹੈ।
ਬਿਨਾਂ ਬਿਜਲੀ ਦੇ ਚੱਲਣ ਵਾਲੇ ਫਰਿੱਜ ਦੀ ਸਫਲਤਾ ਤੋਂ ਬਾਅਦ, ਮਨਸੁਖਭਾਈ ਨੇ 7 ਲੱਖ ਰੁਪਏ ਦਾ ਕਰਜ਼ਾ ਲੈ ਕੇ ਸਾਲ 2002 ਵਿੱਚ ਵਾਂਕਾਨੇਰ ਵਿੱਚ ਮਿਟੀਕੂਲ ਨਾਮ ਨਾਲ ਆਪਣੀ ਕੰਪਨੀ ਸ਼ੁਰੂ ਕੀਤੀ। ਇਸ ਸਮੇਂ ਮਨਸੁਖਭਾਈ 250 ਤੋਂ ਵੱਧ ਵਸਤੂਆਂ ਬਣਾ ਰਹੇ ਹਨ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰ ਰਹੇ ਹਨ। ਉਹ ਰਸੋਈ ਵਿੱਚ ਵਰਤੀ ਜਾਣ ਵਾਲੀ ਹਰ ਵਸਤੂ ਮਿੱਟੀ ਤੋਂ ਬਣਾ ਰਹੇ ਹਨ। ਉਹ 250 ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਦੇ ਰਹੇ ਹਨ।
ਮਨਸੁਖਭਾਈ ਨੂੰ ਉਨ੍ਹਾਂ ਦੀਆਂ ਵਿਲੱਖਣ ਕਾਢਾਂ ਲਈ ਕਈ ਪੁਰਸਕਾਰ ਦਿੱਤੇ ਗਏ ਹਨ। ਪੈਰਿਸ ਸਰਕਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ, ਪ੍ਰਤਿਭਾ ਪਾਟਿਲ ਅਤੇ ਪ੍ਰਣਬ ਮੁਖਰਜੀ ਤੋਂ ਵੀ ਕਈ ਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: