ਸਿੱਕਿਮ ਦੇ ਜੇਮਾ ਵਿੱਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ 16 ਜਵਾਨ ਸ਼ਹੀਦ ਹੋ ਗਏ ਹਨ। ਇੱਕ ਤਿੱਖੇ ਮੋੜ ਤੋਂ ਲੰਘਣ ਵੇਲੇ ਫੌਜ ਦਾ ਟਰੱਕ ਡੂੰਘੀ ਖੱਡ ‘ਚ ਜਾ ਡਿੱਗਿਆ, ਜਿਸ ਕਰਕੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ 4 ਜਵਾਨ ਜ਼ਖਮੀ ਹੋਏ ਹਨ। ਫੌਜ ਦੀ ਰੈਸਕਿਊ ਟੀਮ ਨੇ 4 ਜ਼ਖਮੀ ਜਵਾਨਾਂ ਨੂੰ ਏਅਰਲਿਫਟ ਕੀਤਾ ਹੈ। ਲਾਸ਼ਾਂ ਨੂੰ ਵੀ ਕੱਢਿਆ ਜਾ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 16 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਹ ਖਬਰ ਸੁਣ ਕੇ ਦਿਲ ਝੰਜੋੜਿਆ ਗਿਆ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟਾਈ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ।
ਫ਼ੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਉੱਤਰੀ ਸਿੱਕਮ ਦੇ ਜੇਮਾ ਵਿੱਚ ਵਾਪਰੀ। ਇਸ ਦਰਦਨਾਕ ਸੜਕ ਹਾਦਸੇ ਵਿੱਚ 16 ਬਹਾਦਰ ਫੌਜੀਆਂ ਦੀ ਜਾਨ ਚਲੀ ਗਈ, ਜਿਸ ਗੱਡੀ ਨਾਲ ਇਹ ਹਾਦਸਾ ਵਾਪਰਿਆ, ਉਹ ਫ਼ੌਜ ਦੇ ਕਾਫ਼ਲੇ ਦੀਆਂ ਤਿੰਨ ਗੱਡੀਆਂ ਵਿੱਚੋਂ ਇੱਕ ਸੀ। ਇਹ ਗੱਡੀਆਂ ਚੱਟਾਨ ਤੋਂ ਥਾਂਗੂ ਵੱਲ ਜਾ ਰਹੀਆਂ ਸਨ।
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ਤਰਾ, ਪੰਜਾਬ ‘ਚ ਬਣਨਗੇ ਕੋਵਿਡ ਕੰਟਰੋਲ ਰੂਮ, CM ਮਾਨ ਬੋਲੇ, ‘ਜਨਤਕ ਥਾਵਾਂ ‘ਤੇ ਮਾਸਕ ਪਾਓ’
ਇਸ ਦੌਰਾਨ ਤਿੱਖੇ ਮੋੜ ਤੋਂ ਲੰਘਦੇ ਸਮੇਂ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਘਟਨਾ ਦੇ ਤੁਰੰਤ ਬਾਅਦ ਬਚਾਅ ਮੁਹਿੰਮ ਚਲਾਈ ਗਈ ਅਤੇ 4 ਜ਼ਖਮੀ ਜਵਾਨਾਂ ਨੂੰ ਏਅਰਲਿਫਟ ਕੀਤਾ ਗਿਆ। ਇਸ ਹਾਦਸੇ ਵਿੱਚ ਸ਼ਹੀਦ ਹੋਣ ਵਾਲਿਆਂ ਵਿੱਚ 3 ਜੂਨੀਅਰ ਕਮਿਸ਼ਨਡ ਅਫਸਰ ਅਤੇ 13 ਸਿਪਾਹੀ ਹਨ। ਫੌਜ ਦੀ ਤਰਫੋਂ, ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: