ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਪਿੰਡ ਤੱਲਾ ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ ਉਰਫ ਅਜੈ ਪੁੱਤਰ ਦਿਲਦਾਰ ਸਿੰਘ ਅਤੇ ਸਾਹਿਲ ਪੁੱਤਰ ਚੰਨਾ ਵਜੋਂ ਹੋਈ ਹੈ। ਸੂਚਨਾ ਮੁਤਾਬਕ ਦੋਵੇਂ ਨੌਜਵਾਨ ਵਿਆਹਾਂ ਵਿੱਚ ਵੇਟਰ ਦਾ ਕੰਮ ਕਰਦੇ ਸਨ। ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ SI ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਤੱਲਾ ਦਾ ਕਿਸਾਨ ਸੁਲੱਖਣ ਸਿੰਘ ਜਦੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਦਾ ਗੇੜਾ ਮਾਰਨ ਗਿਆ ਤਾਂ ਉਸ ਨੇ ਅਵਤਾਰ ਅਤੇ ਸਾਹਿਲ ਨੂੰ ਟਿਊਬਵੈੱਲ ਦੇ ਕਮਰੇ ਕੋਲ ਬੇਹੋਸ਼ ਪਏ ਦੇਖਿਆ। ਇਸ ਦੇਖ ਕੇ ਉਸ ਨੇ ਰੌਲਾ ਪਾਇਆ, ਰੌਲਾ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਇਸ ਮਗਰੋਂ ਸੁਲੱਖਣ ਸਿੰਘ ਨੇ ਮਾਮਲੇ ਸਬੰਧੀ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਟਾਂਡਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾਇਆ । SI ਮਲਕੀਅਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਪਿਤਾ ਦਿਲਦਾਰ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਂ ਦੇ ਰਹਿਣ ਵਾਲੇ ਤਿੰਨ ਮੁਲਜ਼ਮ ਮੱਖਣ ਪੁੱਤਰ ਤਾਰੀ, ਰਾਜੂ ਪੁੱਤਰ ਬਲਕਾਰ ਅਤੇ ਹੈਪੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਬੈਂਗਲੁਰੂ ‘ਚ ਵੰਦੇ ਭਾਰਤ ਟਰੇਨ ‘ਤੇ ਪਥਰਾਅ, 2 ਖਿੜਕੀ ਦੇ ਟੁੱਟੇ ਸ਼ੀਸ਼ੇ, ਵਾਲ-ਵਾਲ ਬਚੇ ਯਾਤਰੀ
ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਮੁਲਜ਼ਮ ਭੈਣੀ ਮੀਆਂ ਖਾਂ, ਬੁੱਢਾਵਾਲਾ, ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਮੁਲਜ਼ਮ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਕਰਦੇ ਹਨ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: