ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਸੂਬੇ ਵਿਚ ਨਸ਼ਾ ਸਮੱਗਲਰਾਂ ‘ਤੇ ਨਕੇਲ ਕੱਸਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਆਏ ਦਿਨ ਪੁਲਿਸ ਵੱਲੋਂ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਸਮੱਗਲਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।
ਆਪਣੀ ਹਫਤਾਵਾਰੀ ਰਿਪੋਰਟ ਵੀ ਪੰਜਾਬ ਪੁਲਿਸ ਪੇਸ਼ ਕਰ ਰਹੀ ਹੈ। ਅੱਜ ਵੀ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਵਿਰੁੱਧ ਜਾਰੀ ਫੈਸਲਾਕੁੰਨ ਜੰਗ ਦਰਮਿਆਨ ਪੰਜਾਬ ਪੁਲਿਸ ਨੇ ਐੱਨਡੀਪੀਐੱਸ ਤਹਿਤ ਕੁੱਲ 192 FIR ਦਰਜ ਕੀਤੀਆਂ ਹਨ ਤੇ 271 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਫਤੇ ਪੁਲਿਸ ਨੇ 10.08 ਕਿਲੋ ਹੈਰੋਇਨ, 13.52 ਕਿਲੋ ਅਫੀਮ, 5.52 ਕਿਲੋ ਗਾਂਜਾ, 3.43 ਕੁਇੰਟਲ ਚੂਰਾ ਪੋਸਤ ਵੀ ਬਰਾਮਦ ਕੀਤਾ ਹੈ। ਨਾਲ ਹੀ ਫਾਰਮਾ ਦੀਆਂ 54123 ਟੈਬਲੈਟ, ਕੈਪਸੂਲ, ਇੰਜੈਕਸ਼ਨ ਸ਼ੀਸ਼ੀਆਂ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ਤੋਂ 17.66 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਭਗੌੜੇ ਦੋਸ਼ੀਆਂ ਨੂੰ ਫੜਨ ਲਈ ਜਾਰੀ ਮੁਹਿੰਮ ਤਹਿਤ ਪੁਲਿਸ ਨੇ ਬੀਤੇ ਹਫਤੇ ਵਿਚ ਕੁੱਲ 11 ਭਗੌੜੇ ਫੜੇ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਫੜੇ ਗਏ ਭਗੌੜਿਆਂ ਦੀ ਗਿਣਤੀ 573 ਹੋ ਗਈ ਹੈ। ਪੁਲਿਸ ਨੇ ਭਗੌੜਿਆਂ ਦੀ ਗ੍ਰਿਫਤਾਰੀ ਦੀ ਮੁਹਿੰਮ 5 ਜੁਲਾਈ 2022 ਤੋਂ ਸ਼ੁਰੂ ਕੀਤੀ ਸੀ। ਡੀਜੀਪੀ ਗੌਰਵ ਯਾਦਵ ਨੇ ਸਾਰੇ ਸੀਪੀਐੱਸਐੱਸਪੀ ਨੂੰ ਸਾਰੇ ਮਾਮਲਿਆਂ ਸਣੇ ਖਾਸ ਕਰਕੇ ਨਸ਼ਾ ਤਸਕਰੀ ਦੇ ਕੇਸ ਵਿਚ ਕਾਰਵਾਈ ਦੇ ਹੁਕਮ ਦਿੱਤੇ ਹਨ।
ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰਾਂ ਵਿਚ ਨਸ਼ਾ ਤਸਕਰੀ ਨਾਲ ਨਿਪਟਣ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਡੀਜੀਪੀ ਨੇ ਪੰਜਾਬ ਦੇ ਸਾਰੇ ਸੀਪੀ ਤੇ ਐੱਸਐੱਸਪੀ ਨੂੰ ਉਨ੍ਹਾਂ ਸਾਰੇ ਹੌਟਸਪਾਟ ਦੀ ਪਛਾਣ ਕਰਨ ਦੇ ਹੁਕਮ ਦਿੱਤੇ ਹਨ ਜਿਥੇ ਨਸ਼ਿਆਂ ਦਾ ਰੁਝਾਨ ਜ਼ਿਆਦਾ ਹੈ। ਉਨ੍ਹਾਂ ਨੇ ਪੁਲਿਸ ਨੂੰ ਗ੍ਰਿਫਤਾਰ ਸਾਰੇ ਨਸ਼ਾ ਸਮੱਗਲਰਾਂ ਦੀ ਜਾਇਦਾਦ ਨੂੰ ਪ੍ਰਭਾਵੀ ਢੰਗ ਨਾਲ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਦੀ ਗੈਰ-ਕਾਨੂੰਨੀ ਕਮਾਈ ਤੋਂ ਵਸੂਲੀ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: