ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਤਰਾਜ਼ਯੋਗ ਸ਼ਬਦਾਂ ਜਾਂ ਜਾਤੀ ਦੇ ਆਧਾਰ ’ਤੇ ਚੱਲ ਰਹੇ 56 ਸਕੂਲਾਂ ਦੇ ਨਾਂ ਹੁਣ ਬਦਲੇ ਜਾਣਗੇ। ਸਕੂਲ ਹੁਣ ਸ਼ਹੀਦਾਂ, ਦੇਸ਼ ਭਗਤਾਂ ਅਤੇ ਗੁਰੂਆਂ ਦੇ ਨਾਂ ‘ਤੇ ਰੱਖੇ ਜਾਣਗੇ। ਸਿੱਖਿਆ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਭੇਜੇ ਗਏ ਨਾਵਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿੱਜੀ ਯਤਨਾਂ ਸਦਕਾ ਇਹ ਸੰਭਵ ਹੋ ਸਕਿਆ ਹੈ। ਵਿਭਾਗ ਨੇ ਇਸ ਸਬੰਧੀ ਨੌਂ ਵਿਭਾਗਾਂ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੁਝ ਸਮਾਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਆਇਆ ਸੀ ਕਿ ਸੂਬੇ ਵਿੱਚ ਕਈ ਥਾਵਾਂ ’ਤੇ ਸਕੂਲਾਂ ਦੇ ਨਾਂ ਇਤਰਾਜ਼ਯੋਗ ਹਨ। ਉਨ੍ਹਾਂ ਨੂੰ ਵੀ ਬਦਲਿਆ ਜਾਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਵੱਲੋਂ ਵਿਭਾਗ ਨੂੰ ਇਸ ਦਿਸ਼ਾ ਵਿੱਚ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ।
ਇਸ ਦੌਰਾਨ ਸਾਰੇ ਜ਼ਿਲ੍ਹਿਆਂ ਨੂੰ ਇਹ ਦੱਸਣ ਲਈ ਕਿਹਾ ਗਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਕਿੰਨੇ ਸਕੂਲਾਂ ਦੇ ਨਾਂ ਇਤਰਾਜ਼ਯੋਗ ਹਨ। ਨਾਲ ਹੀ ਤੁਸੀਂ ਪੁਰਾਣੇ ਨਾਮ ਨੂੰ ਬਦਲ ਕੇ ਨਵਾਂ ਨਾਂ ਕੀ ਰਖਣਾ ਚਾਹੁੰਦੇ ਹੋ? ਇਸ ਤੋਂ ਬਾਅਦ ਸਰਹੱਦੀ ਜ਼ਿਲ੍ਹਿਆਂ ਫਾਜ਼ਿਲਕਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਰੋਪੜ ਅਤੇ ਤਰਨਤਾਰਨ ਵਿੱਚੋਂ ਕੋਈ ਸਕੂਲ ਸੂਚੀਬੱਧ ਨਹੀਂ ਕੀਤਾ ਗਿਆ।
ਜਦਕਿ ਅੰਮ੍ਰਿਤਸਰ ਤੋਂ ਇੱਕ, ਬਠਿੰਡਾ-ਤਿੰਨ, ਬਰਨਾਲਾ-ਤਿੰਨ, ਫਰੀਦਕੋਟ-ਦੋ, ਫਤਿਹਗੜ੍ਹ ਸਾਹਿਬ-ਤਿੰਨ, ਗੁਰਦਾਸਪੁਰ-ਚਾਰ, ਹੁਸ਼ਿਆਰਪੁਰ-ਇੱਕ, ਲੁਧਿਆਣਾ-ਦੋ, ਮਾਲੇਰਕੋਟਲਾ-ਦੋ, ਮੋਗਾ-ਇੱਕ, ਮਾਨਸਾ-ਸੱਤ, ਮੁਕਤਸਰ-ਤਿੰਨ, ਪਟਿਆਲਾ-12, ਪਠਾਨਕੋਟ-ਇੱਕ, ਸੰਗਰੂਰ-ਚਾਰ, ਮੁਹਾਲੀ-ਇੱਕ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਛੇ ਸਕੂਲਾਂ ਦੇ ਨਾਮ ਬਦਲਣ ਲਈ ਅਰਜ਼ੀਆਂ ਮਿਲੀਆਂ ਸਨ। ਵਿਭਾਗ ਨੇ ਇਸ ਨੂੰ ਬੜੀ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ‘ਤੂੰ ਮੈਨੂੰ ਖ਼ੁਸ਼ ਰਖ, ਮੈਂ ਤੈਨੂੰ ਖ਼ੁਸ਼ ਰਖਾਂਗਾ’, ਮਹਿਲਾ ਕੋਚ ਨੇ ਹਰਿਆਣਾ ਦੇ ਖੇਡ ਮੰਤਰੀ ‘ਤੇ ਲਾਏ ਵੱਡੇ ਦੋਸ਼
ਭਾਰਤੀ ਫੌਜ ਵਿੱਚ ਗੁਰੂ ਨਾਨਕਪੁਰਾ ਪਿੰਡ ਟੈਣਾ ਦਾ ਰਹਿਣ ਵਾਲਾ ਰੇਸ਼ਮ ਸਿੰਘ 2021 ਵਿੱਚ ਅਸਾਮ ਵਿੱਚ ਸ਼ਹੀਦ ਹੋਇਆ ਸੀ। ਹੁਣ ਉਸ ਦੇ ਇਲਾਕੇ ਦਾ ਸਕੂਲ ਉਸ ਦੇ ਨਾਂ ’ਤੇ ਹੈ। ਸਰਕਾਰੀ ਐਲੀਮੈਂਟਰੀ ਸਕੂਲ ਡੇਰਾ ਬਾਜ਼ੀਗਰ ਬਲਾਕ ਰਈਆ ਕਾਮ ਦਾ ਨਾਂ ਹੁਣ ਸ਼ਹੀਦ ਰੇਸ਼ਮ ਸਿੰਘ ਗੁਰੂ ਨਾਨਕਪੁਰਾ ਰੱਖਿਆ ਜਾਵੇਗਾ। ਇਸ ਪਿੱਛੇ ਕੋਸ਼ਿਸ਼ ਹੋਵੇਗੀ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਮਿਲੇ। ਇਸ ਗੱਲ ਨੂੰ ਲੈ ਕੇ ਇਲਾਕੇ ਦੇ ਲੋਕ ਕਾਫੀ ਉਤਸ਼ਾਹਿਤ ਹਨ। ਅੰਮ੍ਰਿਤਸਰ ਜ਼ਿਲ੍ਹੇ ਤੋਂ ਸਿੱਖਿਆ ਵਿਭਾਗ ਲਈ ਸਿਰਫ਼ ਇੱਕ ਨਾਮ ਦੀ ਤਜਵੀਜ਼ ਸੀ। ਇਸ ਤੋਂ ਇਲਾਵਾ ਮਾਲੇਰਕੋਟਲਾ ਵਿੱਚ ਇੱਕ ਸਕੂਲ ਸ਼ਹੀਦ-ਏ-ਆਜ਼ਮ ਭਗਤ ਸਿੰਘ, ਮੋਗਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਇੱਕ ਜ਼ਿਲ੍ਹੇ ਵਿੱਚ ਡਾ.ਬੀ.ਆਰ.ਅੰਬੇਦਕਰ ਦੇ ਨਾਂ ’ਤੇ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: