6812 Corona cases in punjab : ਪੰਜਾਬ ਵਿੱਚ ਕੋਰੋਨਾ ਹੁਣ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 6812 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਲੁਧਿਆਣਾ ਜ਼ਿਲ੍ਹੇ ਵਿੱਚ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ, ਜਿਥੇ 1350 ਪਾਜ਼ੀਟਿਵ ਮਾਮਲਿਆਂ ਨਾਲ 18 ਮੌਤਾਂ ਹੋਈਆਂ ਹਨ। ਉਥੇ ਹੀ ਅੱਜ ਕੋਰੋਨਾ ਨਾਲ 64 ਲੋਕ ਮੌਤ ਦੇ ਮੂੰਹ ਵਿੱਚ ਗਏ। ਰਾਹਤ ਵਾਲੀ ਗੱਲ ਇਹ ਰਹੀ ਕਿ ਅੱਜ 5059 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ।
ਦੱਸਣਯੋਗ ਹੈ ਕਿ ਇਸ ਮਹਾਮਾਰੀ ਨਾਲ ਅੱਜ ਅੰਮ੍ਰਿਤਸਰ ਵਿੱਚ 14, ਬਰਨਾਲਾ ’ਚ 1, ਬਠਿੰਡਾ ’ਚ 21, ਫਰੀਦਕੋਟ ’ਚ 4, ਫਤਿਹਗੜ੍ਹ ਸਾਹਿਬ ’ਚ 2, ਫਾਜ਼ਿਲਕਾ ’ਚ 1, ਫਿਰੋਜ਼ਪੁਰ ’ਚ 3, ਗੁਰਦਾਸਪੁਰ ’ਚ 6, ਹੁਸ਼ਿਆਰਪੁਰ ’ਚ 6, ਜਲੰਧਰ ’ਚ 7, ਲੁਧਿਆਣਾ ’ਚ 18, ਮਾਨਸਾ ’ਚ 4, ਮੋਗਾ ’ਚ 1, ਮੋਹਾਲੀ ’ਚ 8, ਮੁਕਤਸਰ ’ਚ 4, ਪਠਾਨਕੋਟ ’ਚ 5, ਪਟਿਆਲਾ ’ਚ 11, ਰੋਪੜ ’ਚ 2, ਸੰਗਰੂਰ ’ਚ 12, ਨਵਾਂਸ਼ਹਿਰ ਤੇ ਤਰਨਤਾਰਨ ’ਚ 4-4 ਲੋਕਾਂ ਨੇ ਦਮ ਤੋੜਿਆ।
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 364910 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 301047 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 54954 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 8909 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।