ਮੀਂਹ ਪੰਜਾਬ ਵਿੱਚ ਤਬਾਹੀ ਬਣ ਕੇ ਆਇਆ ਹੈ। ਕਣਕ ਤੋਂ ਇਲਾਵਾ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਲੌਂਗੋਵਾਲ ਨੇੜਲੇ ਪਿੰਡ ਕਿਲਾ ਭਰਿਆਣਾ ਵਿੱਚ ਮੀਂਹ ਕਾਰਨ ਕਿਸਾਨ ਦੀ ਸੱਤ ਏਕੜ ਟਮਾਟਰ ਦੀ ਫ਼ਸਲ ਬਰਬਾਦ ਹੋ ਗਈ। ਕਿਸਾਨ ਟਮਾਟਰ ਦੀ ਫ਼ਸਲ ਨੂੰ ਟਰੈਕਟਰ ਨਾਲ ਨਸ਼ਟ ਕਰਨ ਲਈ ਮਜਬੂਰ ਹੋ ਗਿਆ।
ਪੀੜਤ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਸੱਤ ਏਕੜ ਰਕਬੇ ਵਿੱਚ ਟਮਾਟਰ ਦੀ ਕਾਸ਼ਤ ਕੀਤੀ ਸੀ ਅਤੇ ਪ੍ਰਤੀ ਏਕੜ ਕਰੀਬ 50 ਹਜ਼ਾਰ ਰੁਪਏ ਖਰਚ ਆਇਆ ਸੀ ਪਰ ਮੀਂਹ ਨੇ ਫ਼ਸਲ ਬਰਬਾਦ ਕਰ ਦਿੱਤੀ। ਇਸ ਕਾਰਨ ਕਰੀਬ ਸਾਢੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਖੇਤ ‘ਚ ਭਰਿਆ ਪਾਣੀ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਇਸ ਤੋਂ ਬਾਅਦ ਉਸ ਨੇ ਟਰੈਕਟਰ ਨਾਲ ਫਸਲ ਨਸ਼ਟ ਕਰ ਦਿੱਤੀ। ਕਿਸਾਨ ਜਗਤਾਰ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਰਾਬ ਹੋਈ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਮੀਂਹ ਨਾਲ ਨੁਕਸਾਨੀਆਂ ਕਿਸਾਨਾਂ ਦੀਆਂ ਫ਼ਸਲਾਂ ਦੇ ਮੁਆਵਜ਼ੇ ਸਬੰਧੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮੰਗ ਪੱਤਰ ਸੌਂਪਿਆ। ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਅਤੇ ਸਬਜ਼ੀਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਮਾਲਕਣ ਨੂੰ ਕਿਸ ਨੇ ਮਾਰਿਆ? ਤੋਤੇ ਨੇ ਖੋਲ੍ਹਿਆ ਰਾਜ਼, ਕੋਰਟ ਨੇ 2 ਨੂੰ ਸੁਣਾਈ ਉਮਰਕੈਦ ਦੀ ਸਜ਼ਾ
ਪ੍ਰਸ਼ਾਸਨ ਨੂੰ ਇਨ੍ਹਾਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਸਿਰਫ਼ ਕਣਕ ਹੀ ਨਹੀਂ ਬਲਕਿ ਛੋਲਿਆਂ, ਸਰ੍ਹੋਂ ਅਤੇ ਟਮਾਟਰ ਦੀ ਫ਼ਸਲ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: