ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਗੰਨ ਕਲਚਰ ਨੂੰ ਖਤਮ ਕਰਨ ਲਈ ਪੁਲਿਸ ਨੇ ਆਪਣੀ ਸਖ਼ਤੀ ਵਧਾ ਦਿੱਤੀ ਹੈ। ਸੀ.ਐੱਮ. ਮਾਨ ਵੱਲੋਂ ਅਸਲਾ ਲਾਇਸੈਂਸਾਂ ਦੀ ਸਮੀਖਿਆ ਕਰਨ ਦੇ ਹੁਕਮਾਂ ਦੇ 9 ਦਿਨਾਂ ਦੇ ਅੰਦਰ ਰਾਜ ਵਿੱਚ ਹੁਣ ਤੱਕ 899 ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ, ਜਦਕਿ 324 ਲਾਇਸੈਂਸ ਮੁਅੱਤਲ ਕੀਤੇ ਜਾ ਚੁੱਕੇ ਹਨ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਜਲਦੀ ਤੋਂ ਜਲਦੀ ਜਵਾਬ ਦੇਣ ਦੇ ਹੁਕਮ ਦਿੱਤੇ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰੱਦ ਜਾਂ ਮੁਅੱਤਲ ਕੀਤੇ ਗਏ ਸਨ, ਉਨ੍ਹਾਂ ‘ਚੋਂ ਜ਼ਿਆਦਾਤਰ ਨੇ ਹਥਿਆਰ ਲੈਣ ਲਈ ਫਰਜ਼ੀ ਪਤੇ ਦਿੱਤੇ ਸਨ। ਕਈ ਅਜਿਹੇ ਸਨ ਜਿਨ੍ਹਾਂ ਨੇ ਨਿਯਮਾਂ ਵਿੱਚ ਸੋਧ ਤੋਂ ਬਾਅਦ ਆਪਣੇ ਹਥਿਆਰਾਂ ਨੂੰ ਸਮਰਪਣ ਨਹੀਂ ਕੀਤਾ। ਅਸਲਾ ਲਾਇਸੈਂਸ ਦੇ ਨਿਯਮ ਬਦਲ ਗਏ ਹਨ। ਇੱਕ ਲਾਇਸੈਂਸ ਧਾਰਕ ਸਿਰਫ਼ ਦੋ ਹਥਿਆਰ ਰੱਖ ਸਕਦਾ ਹੈ ਪਰ ਕੁਝ ਲੋਕਾਂ ਨੇ ਹੁਣ ਤੱਕ 3-3 ਹਥਿਆਰ ਰੱਖੇ ਹੋਏ ਹਨ। ਅਜਿਹੇ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਪਟਿਆਲਾ ਵਿੱਚ 274 ਅਤੇ ਨਵਾਂਸ਼ਹਿਰ ਵਿੱਚ 50 ਲਾਇਸੈਂਸ ਮੁਅੱਤਲ ਕੀਤੇ ਗਏ ਹਨ।
ਸਮੀਖਿਆ ਮੁਹਿੰਮ ਦੀ ਅਗਵਾਈ ਸਾਰੀਆਂ ਰੇਂਜਾਂ ਦੇ ਆਈਜੀਜ਼ ਅਤੇ ਜ਼ਿਲ੍ਹਿਆਂ ਦੇ ਐਸਐਸਪੀਜ਼ ਖੁਦ ਕਰ ਰਹੇ ਹਨ। ਨਾਲ ਹੀ ਇਸ ਸਬੰਧੀ ਰੋਜ਼ਾਨਾ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਲੋਕਾਂ ਨੂੰ ਵੀ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਅਤੇ ਕੋਟਕਪੂਰਾ ‘ਚ ਇਕ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਸਰਕਾਰ ਨੇ ਸੂਬੇ ਦੇ ਸਾਰੇ ਅਸਲਾ ਲਾਇਸੈਂਸਾਂ ਦੀ 90 ਦਿਨਾਂ ਅੰਦਰ ਸਮੀਖਿਆ ਕਰਨ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਹੁਣ ਹਰ ਤਿੰਨ ਮਹੀਨੇ ਬਾਅਦ ਗੰਨ ਹਾਊਸ ਦੀ ਵੀ ਜਾਂਚ ਕੀਤੀ ਜਾਵੇਗੀ।
ਦੱਸ ਦੇਈਏ ਕਿ ਹੁਣ ਤੱਕ ਜਲੰਧਰ ‘ਚ 391, ਨਵਾਂਸ਼ਹਿਰ ‘ਚ 266, ਰੋਪੜ ‘ਚ 146, ਮੋਹਾਲੀ ‘ਚ 32, ਫਿਰੋਜ਼ਪੁਰ ‘ਚ 15, ਤਰਨਤਾਰਨ ‘ਚ 19, ਕਪੂਰਥਲਾ ‘ਚ 17, ਪਠਾਨਕੋਟ ‘ਚ 1 ਤੇ ਅੰਮ੍ਰਤਸਰ ‘ਚ 2 ਲਾਇਸੈਂਸ ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ‘ਮੈਨੂੰ ਮਾਰ ਦੇਵੇਗਾ, ਟੋਟੇ-ਟੋਟੇ ਕਰ ਦੇਵੇਗਾ’, ਸ਼ਰਧਾ ਨੇ ਮੌਤ ਤੋਂ ਪਹਿਲਾਂ ਹੀ ਕੀਤੀ ਸੀ ਪੁਲਿਸ ‘ਚ ਸ਼ਿਕਾਇਤ
ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਗੰਨ ਕਲਚਰ ਤੇਜ਼ੀ ਨਾਲ ਵਧਿਆ ਹੈ। ਪੰਜਾਬ ਵਿੱਚ ਭਾਰਤ ਦੀ 2 ਫੀਸਦੀ ਆਬਾਦੀ ਹੈ, ਪਰ ਦੇਸ਼ ਦੀਆਂ ਬੰਦੂਕਾਂ ਦਾ 10 ਫੀਸਦੀ ਇਸ ਕੋਲ ਹੈ। ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਜਨਵਰੀ 2022 ਤੱਕ ਪੰਜਾਬ ਵਿੱਚ 3.90 ਲੱਖ ਤੋਂ ਵੱਧ ਲਾਇਸੈਂਸੀ ਬੰਦੂਕਾਂ ਹਨ। ਪੰਜਾਬ ਵਿੱਚ ਕਰੀਬ 55 ਲੱਖ ਪਰਿਵਾਰ ਹਨ ਅਤੇ 3 ਲੱਖ 90 ਹਜ਼ਾਰ ਤੋਂ ਵੱਧ ਅਸਲਾ ਲਾਇਸੈਂਸ ਹਨ। ਦੂਜੇ ਪਾਸੇ ਪੰਜਾਬ ਵਿੱਚ 70 ਤੋਂ ਵੱਧ ਗੈਂਗ ਸਰਗਰਮ ਹਨ ਅਤੇ ਇੱਥੇ 500 ਤੋਂ ਵੱਧ ਗੈਂਗਸਟਰ ਹਨ। ਗਿਰੋਹ ਦੇ ਬਹੁਤੇ ਆਗੂ ਵਿਦੇਸ਼ ਜਾਂ ਜੇਲ੍ਹ ਵਿੱਚ ਹਨ। ਇਹ ਦੋਵੇਂ ਥਾਵਾਂ ਤੋਂ ਆਪਣਾ ਅਪਰਾਧ ਨੈੱਟਵਰਕ ਚਲਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: