9 independent councilors : ਚੰਡੀਗੜ੍ਹ : ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸਾਰੀਆਂ ਪਾਰਟੀਆਂ ਨੂੰ ਕਰਾਰੀ ਹਾਰ ਦਿੰਦੇ ਹੋਏ ਅੱਠ ਵਿੱਚੋਂ 7 ਨਿਗਮ ਚੋਣਾਂ ਜਿੱਤ ਕੇ ਪੂਰੇ ਸੂਬੇ ਵਿੱਚ ਆਪਣਾ ਸਿੱਕਾ ਜਮਾ ਲਿਆ ਹੈ। ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੋਗਾ ਜ਼ਿਲ੍ਹੇ ਦੇ 9 ਅਜ਼ਾਦ ਕੌਂਸਲਰ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਮੋਗਾ ਦੇ ਵਿਧਾਇਕ ਹਰਜੋਤ ਕਮਲ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਪਠਾਨਕੋਟ ਦੇ ਇਕ ਅਤੇ ਸੁਜਾਨਪੁਰ ਨਗਰ ਕੌਂਸਲ ਨਾਲ ਸੰਬੰਧਤ 2 ਅਜ਼ਾਦ ਕੌਂਸਲਰਾਂ ਨੇ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਕੌਂਸਲਰਾਂ ਵਿੱਚ ਜਸਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਸਿੰਘ ਸੱਚਦੇਵਾ, ਪ੍ਰਵੀਨ ਮੱਕੜ, ਬੂਟਾ ਸਿੰਘ, ਸੁਖਵਿੰਦਰ ਕੌਰ, ਰੀਮਾ ਸੂਦ, ਤੀਰਥ ਰਾਮ, ਪਾਇਲ, ਸੁਰਿੰਦਰ ਸਿੰਘ ਸ਼ਾਮਲ ਹਨ। ਇਸੇ ਤਰਾਂ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਨਗਰ ਕੌਂਸਲ ਦੇ ਕੌਂਸਲਰ ਸੁਰਿੰਦਰ ਮਨਹਾਸ, ਤਰਸੇਮ ਮੱਕੜ ਤੇ ਪਠਾਨਕੋਟ ਨਗਰ ਨਿਗਮ ਦੇ ਕੌਂਸਲਰ ਬਲਜੀਤ ਸਿੰਘ ਟਿੰਕੂ ਵੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਦੱਸਣਯੋਗ ਹੈ ਕਿ ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਛੇ ਨਗਰ ਨਿਗਮ ਤੇ 108 ਵਿੱਚੋਂ 101 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵਿੱਚ ਜਿੱਤ ਹਾਸਲ ਕੀਤੀ ਹੈ। ਉਥੇ ਹੀ ਅੱਜ ਮੋਹਾਲੀ ਵਿੱਚ ਵੀ ਕਾਂਗਰਸ ਪਾਰਟੀ ਨੇ ਹੀ ਬਾਜ਼ੀ ਮਾਰੀ ਹੈ। ਕਾਂਗਰਸ ਦੀ ਸ਼ਾਨਦਾਰ ਜਿੱਤ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਸਿਰਫ ਸੂਬੇ ਦਾ ਸਿਆਸੀ ਕਿੰਗ ਸਿੱਧ ਕੀਤਾ, ਸਗੋਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਚਿਹਰਾ ਵੀ ਬਣ ਗਏ ਹਨ।