ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਨਾਲ ਹੀ ਦੋ ਲੋਕ ਗੰਭੀਰ ਜ਼ਖਮੀ ਹਨ। ਇਹ ਹਾਦਸਾ ਜਲੰਧਰ-ਅੰਮ੍ਰਿਤਸਰ ਜੀਟੀ ਰੋਡ ‘ਤੇ ਪਿੰਡ ਹਮੀਰਾ ਨੇੜੇ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦਾ ਪਰਿਵਾਰ ਲੁਧਿਆਣਾ ਦਾ ਰਹਿਣ ਵਾਲਾ ਹੈ।
ਲੁਧਿਆਣਾ ਦੇ ਰਹਿਣ ਵਾਲੇ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ (ਲੁਧਿਆਣਾ) ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ। ਐਤਵਾਰ ਨੂੰ ਉਸ ਦਾ ਪਰਿਵਾਰ ਅਤੇ ਦੋਸਤ ਇੱਕ ਹੌਂਡਾ ਸਿਟੀ ਕਾਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸਨ ਤੇ ਉਹ ਵੀ ਆਪਣੇ ਨਿੱਜੀ ਕੰਮ ਲਈ ਅੰਮ੍ਰਿਤਸਰ ਗਿਆ ਸੀ। ਸੋਮਵਾਰ ਸਵੇਰੇ ਸਾਰੇ ਉਸ ਨੂੰ ਅੰਮ੍ਰਿਤਸਰ ਵਿੱਚ ਹੀ ਮਿਲੇ । ਫਿਰ ਤਜਿੰਦਰ ਸਿੰਘ ਸਣੇ ਸਾਰੇ ਵਿਅਕਤੀ ਮੱਥਾ ਟੇਕ ਕੇ ਕਾਰ ਰਾਹੀਂ ਵਾਪਸ ਲੁਧਿਆਣਾ ਜਾ ਰਹੇ ਸਨ। ਕਾਰ ਨੂੰ ਤੇਜਿੰਦਰ ਸਿੰਘ ਚਲਾ ਰਿਹਾ ਸੀ ਅਤੇ ਉਹ ਇੱਕ ਆਲਟੋ ਕਾਰ ਵਿੱਚ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ।
ਸਵੇਰੇ ਲਗਭਗ 6 ਵਜੇ ਜਦੋਂ ਤਜਿੰਦਰ ਸਿੰਘ ਦੀ ਹੌਂਡਾ ਸਿਟੀ ਕਾਰ ਪਿੰਡ ਹਮੀਰਾ ਨੇੜੇ ਪੁੱਜੀ ਤਾਂ ਅੱਗੇ ਸੜਕ ‘ਤੇ ਇਕ ਕੈਂਟਰ (ਪੀ.ਬੀ.-05ਏ.ਪੀ.-9191) ਖੜ੍ਹਾ ਸੀ ਅਤੇ ਸੜਕ ‘ਤੇ ਟਰੈਫਿਕ ਹੋਣ ਕਾਰਨ ਤੇਜਿੰਦਰ ਸਿੰਘ ਨੇ ਕਾਰ ਨੂੰ ਥੋੜ੍ਹਾ ਸੱਜੇ ਪਾਸੇ ਵੱਲ ਮੋੜਿਆ ਤਾਂ ਕਾਰ ਕੈਂਟਰ ਨਾਲ ਜਾ ਟਕਰਾਈ। ਹਾਦਸੇ ‘ਚ ਕਾਰ ਪੂਰੀ ਤਰ੍ਹਾਂ ਕੈਂਟਰ ਦੇ ਅੰਦਰ ਵੜ ਚੁੱਕੀ ਸੀ ਅਤੇ ਕਾਰ ‘ਚ ਬੈਠੇ ਉਸ ਦੇ ਸਾਰੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਸਨ। ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਕਰਤਾਰਪੁਰ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਹਰਭਜਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਿਵਲ ਹਸਪਤਾਲ ਕਰਤਾਰਪੁਰ ਪੁੱਜੇ ਤਾਂ ਪਤਾ ਲੱਗਾ ਕਿ ਉਸ ਦੀ ਨੂੰਹ ਮਨਪ੍ਰੀਤ ਕੌਰ, ਪੋਤਰੇ ਪ੍ਰਨੀਤ ਸਿੰਘ, ਮੁੰਡੇ ਦੀ ਸੱਸ ਸਰਬਜੀਤ ਕੌਰ ਤੇ ਉਸ ਦੀ ਨੂੰਹ ਅਮਨਦੀਪ ਕੌਰ ਤੇ ਪੋਤਰੇ ਗੁਰਫਤਿਹ ਸਿੰਘ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਇਹ ਹਾਦਸਾ ਕੈਂਟਰ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਸੜਕ ‘ਤੇ ਕੈਂਟਰ ਖੜ੍ਹਾ ਕਰ ਦਿੱਤਾ ਅਤੇ ਪਾਰਕਿੰਗ ਦੀ ਲਾਈਟ ਨਹੀਂ ਜਗਾਈ। ਥਾਣਾ ਸੁਭਾਨਪੁਰ ਦੀ ਪੁਲਿਸ ਨੇ ਹਰਭਜਨ ਸਿੰਘ ਦੇ ਬਿਆਨਾਂ ’ਤੇ ਕੈਂਟਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਜਲੰਧਰ ਦੇ ਹਸਪਤਾਲ ‘ਚ ਦਾਖਲ ਬਾਕੀ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: