ਗੁਰੂਗ੍ਰਾਮ : ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਧਾਰਾ 144 ਲਾਗੂ ਕਰ ਦਿੱਤੀ ਹੈ, ਹਾਲਾਂਕਿ ਸਿਪਾਹੀਆਂ ਦੀ ਭਰਤੀ ਲਈ ਕੇਂਦਰ ਦੀ ਅਗਨੀਪਥ ਯੋਜਨਾ ਦੇ ਵਿਰੁੱਧ ਸ਼ੁੱਕਰਵਾਰ ਨੂੰ ਇੱਥੇ ਕੋਈ ਨਵਾਂ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ।
ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਦੱਸਿਆ ਕਿ ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਦੂਜੇ ਦਿਨ ਵੀ ਧਰਨੇ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਪ੍ਰਸ਼ਾਸਨ ਨੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਬਜ਼ਾਰਾਂ, ਰਾਸ਼ਟਰੀ ਰਾਜ ਮਾਰਗਾਂ ਤੇ ਬਿਜਲੀ ਗਰਿੱਡ ਸਣੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਗੁੱਸੇ ‘ਚ ਆਏ ਲੋਕਾਂ ਵੱਲੋਂ ਇਕੱਠ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਕੋਈ ਵੀ ਵਿਅਕਤੀ ਕਾਨੂੰਨ ਅਨੁਸਾਰ ਕੇਸ ਦਰਜ ਕੀਤਾ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਜ਼ਿਲ੍ਹਾ ਮਹੇਂਦਰਗੜ੍ਹ ਵਿੱਚ ਵੀ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਤਾਂਜੋ ਸੋਸ਼ਲ ਮੀਡੀਆ ਜਿਵੇਂ ਵ੍ਹਾਟਸਐਪ, ਫੇਸਬੁੱਕ, ਟਵਿੱਟਰ ਜ਼ਰੀਏ ਫੋਨਾਂ ਰਾਹੀਂ ਅਫਵਾਹਾਂ ਜਾਂ ਭੜਕਾਊ ਮੈਸੇਜ ਨਾ ਫੈਲਾਏ ਜਾ ਸਕਣ, ਜਿਸ ਨਾਲ ਭੀੜ ਵੱਲੋਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ ਤੇ ਇਸ ਨਾਲ ਕਿਸੇ ਤਰ੍ਹਾਂ ਦੀਆਂ ਹਿੰਸਕ ਸਰਗਰਮੀਆਂ ਵੀ ਹੋ ਸਕਦੀਆਂ ਹਨ।
ਇਸ ਦੌਰਾਨ ਸਿਰਫ ਮੋਬਾਈਲ ਨੈਟਵਰਕ ‘ਤੇ ਸਿਰਫ ਵੁਆਇਸ ਕਾਲ ਹੋ ਸਕੇਗੀ, ਇਸ ਤੋਂ ਇਲਾਵਾ ਐੱਸ.ਐੱਮ.ਐੱਸ. ਸਰਵਿਸ ਤੇ ਹੋਰ ਡੋਂਗਲ ਸੇਵਾਵਾਂ ਨੂੰ ਮਹੇਂਦਰਗੜ੍ਹ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਹੁਕਮ ਅੱਜ 4.30 ਵਜੇ ਤੋਂ ਲਾਗੂ ਹੋ ਗਏ ਹਨ ਅਤੇ ਅਗਲੇ 24 ਘੰਟਿਆਂ ਦੌਰਾਨ ਪ੍ਰਭਾ ਵਿੱਚ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: