Akali Dal to take to roads : ਚੰਡੀਗੜ੍ਹ : ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰੀ ਕੈਬਨਿਟ ਤੋਂ ਨਾਤਾ ਤੋੜਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਸੜਕਾਂ ’ਤੇ ਉਤਰਨ ਦਾ ਵਿਚਾਰ ਕਰ ਰਿਹਾ ਹੈ। ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਤੋਂ ਮਾਫੀ ਮੰਗੀ ਹੈ। ਇਸ ਸੰਬੰਧੀ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਬੈਠਕ ਕੀਤੀ। ਬੈਠਕ ਵਿੱਚ ਫੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਜੇ ਐੱਨਡੀਏ ਵਿੱਚ ਬਣਿਆ ਰਹੇਗਾ।
ਕੋਰ ਕਮੇਟੀ ਨੇ ਹਰਸਿਮਤ ਕੌਰ ਬਾਦਲ ਦੇ ਅਸਤੀਫੇ ਨੂੰ ਸਹੀ ਕਦਮ ਦੱਸਿਆ। ਉਥੇ ਇਹ ਫੈਸਲਾ ਲਿਆ ਗਿਆ ਕਿ ਉਹ ਅਜੇ ਐੱਨਡੀਏ ਨਾਲ ਨਾਤਾ ਤੋੜਨ ਦੀ ਕੋਈ ਕਾਹਲੀ ਨਹੀਂ ਕਰੇਗਾ। ਬੈਠਕ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਲੋਕ ਸਭਾ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਪਾਰਟੀ ਮੁੜ ਸਿਆਸੀ ਹਾਲਾਤਾਂ ’ਤੇ ਚਰਚਾ ਕਰੇਗੀ ਅਤੇ ਜੇਕਰ ਲੋੜ ਪਈ ਤਾਂ ਕਿਸਾਨਾਂ ਦੇ ਹਿੱਤ ਵਿੱਚ ਪਿੰਡ-ਪਿੰਡ ਤੱਕ ਪਾਰਟੀ ਪਹੁੰਚ ਕਰੇਗੀ। ਉਥੇ ਅਕਾਲੀ ਦਲ ਨੇ ਪੂਰੇ ਹਲਮਾਵਰ ਤਰੀਕੇ ਨਾਲ ਕਾਂਗਰਸ ਸਰਕਾਰ ਨੂੰ ਜਵਾਬ ਦੇਣ ਦਾ ਵੀ ਫੈਸਲਾ ਲਿਆ ਹੈ। ਕੋਰ ਕਮੇਟੀ ਦੇ ਖੇਤੀ ਬਿੱਲਾਂ ਤੋਂ ਪਾਸ ਹੋਣ ਤੋਂ ਬਾਅਦ ਬਦਲੇ ਸਿਆਸੀ ਹਾਲਾਤਾਂ ’ਤੇ ਚਰਚੀ ਕੀਤੀ।
ਉਥੇ ਹਰਸਿਮਰਤ ਕੌਰ ਬਾਦਲ ਨੇ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਤੋਂ ਮਾਫੀ ਵੀ ਮੰਗੀ ਕਿ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਹੋਣ ਦੇ ਬਾਵਜੂਦ ਉਹ ਕਿਸਾਨਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਵਿੱਚ ਅਸਮਰੱਥ ਰਹੀਆਂ। ਹਾਲਾਂਕਿ ਉਨ੍ਹਾ ਨੇ ਕਿਹਾ ਕਿ ਜਦੋਂ ਆਰਡੀਨੈਂਸ ਜਾਰੀ ਹੋਇਆ ਅਤੇ ਬਿੱਲ ਪਾਸ ਹੋਇਆ ਉਨ੍ਹਾਂ ਨੇ ਕਿਸਾਨਾਂ ਦਾ ਹਰ ਖਦਸ਼ੇ ਨੂੰ ਖੇਤੀ ਮੰਤਰੀ ਤੋਂ ਦੂਰ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਪੱਤਰ ਲਿਖ ਕੇ ਅਤੇ ਸੰਸਦ ਵਿੱਚ ਵੀ ਇਹ ਕਿਹਾ ਕਿ ਐੱਮਐੱਸਪੀ ਜਾਰੀ ਰਹੇਗੀ। ਇਸ ਦੇ ਬਾਵਜੂਦ ਕਿਸਾਨਾਂ ਦੇ ਖਦਸ਼ੇ ਬਣੇ ਰਹੇ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਨੂੰ ਦਿੱਲੀ ’ਚ ਜਾ ਕੇ ਧਰਨੇ ਦੇਣ ਲਈ ਉਕਸਾ ਰਹੇ ਹਨ ਤਾਂਕਿ ਪੰਜਾਬ ਤੋਂ ਉਨ੍ਹਾਂ ਦਾ ਪਿੱਛਾ ਛੁੱਟ ਜਾਵੇ। ਸਾਬਕਾ ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਲੀ ਚਿਹਰਾ ਸਾਰਿਆਂ ਦੇ ਸਾਹਮਣੇ ਆ ਗਿਆ ਹੈ, ਜਿਸ ਕਾਨੂੰਨ ਦਾ ਉਹ ਵਿਰੋਧ ਕਰ ਰਹੇ ਹਨ, ਉਸੇ ਕਾਨੂੰਨ ਨੂੰ ਕੈਪਟਨ ਨੇ 2017 ਵਿੱਚ ਵਿਧਾਨ ਸਭਾ ਵਿੱਚ ਪਾਸ ਕੀਤਾ। ਉਸੇ ਕਾਨੂੰਨ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਆਪਣਾ ਚੋਣ ਮੈਨੀਫੈਸਟੋ ਸ਼ਾਮਲ ਕੀਤਾ, ਜੋ ਕਾਨੂੰ ਪੰਜਾਬ ਵਿੱਚ ਲਾਗੂ ਹੈ ਉਹ ਕਾਨੂੰਨ ਕੇਂਦਰ ਵਿੱਚ ਕਿਵੇਂ ਗਲਤ ਹੋ ਸਕਦਾ ਹੈ।