Alcohol smugglers attack : ਮੋਗਾ ਵਿਖੇ ਪਿੰਡ ਮਾਹਲਾਂ ਕਲਾਂ ਵਿਚ ਨਾਜਾਇਜ਼ ਸ਼ਰਾਬ ਦੀ ਭੱਠੀ ‘ਤੇ ਛਾਪਾ ਮਾਰਨ ਪਹੁੰਚੀ ਐਕਸਾਈਜ਼ ਵਿਭਾਗ ਦੀ ਟੀਮ ‘ਤੇ ਸ਼ਰਾਬ ਸਮੱਗਲਰਾਂ ਨੇ ਹਮਲਾ ਕਰ ਦਿੱਤਾ। ਬਿਨਾਂ ਪੁਲਿਸ ਦੇ ਪਹੁੰਚੀ ਟੀਮ ਨਾਲ ਸਮੱਗਲਰਾਂ ਨੇ ਹਥਿਆਰਾਂ ਦੇ ਦਮ ‘ਤੇ ਮਾਰਕੁੱਟ ਵੀ ਕੀਤੀ। ਟੀਮ ਨੇ ਮੌਕੇ ਤੋਂ ਦੋ ਡਰੱਮ ਲਾਹਣ ਤੇ ਭੱਠੀ ਫੜੀ। ਸਮੱਗਲਰਾਂ ਨੇ ਸਬੂਤ ਮਿਟਾਉਣ ਲਈ ਦੋਵੇਂ ਡਰੱਮ ਉਨ੍ਹਾਂ ਤੋਂ ਖੋਹ ਕੇ ਜ਼ਮੀਨ ‘ਤੇ ਹੀ ਰੋਹੜ ਦਿੱਤੇ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਬਲਕਰਨ ਸਿੰਘ ਨੇ ਬਾਘਾਪੁਰਾਣਾ ਪੁਲਿਸ ਤੋਂ ਮਦਦ ਮੰਗੀ ਪਰ ਪੁਲਿਸ ਦੇਰ ਨਾਲ ਪਹੁੰਚੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੀ ਬਿਨਾਂ ਕਾਰਵਾਈ ਦੇ ਮੌਕੇ ਤੋਂ ਵਾਪਿਸ ਪਰਤ ਗਈ।
ਬਲਕਰਨ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਨੇ ਖੇਤ ਵਿਚ ਠੇਕੇ ‘ਤੇ ਜ਼ਮੀਨ ਲਈ ਹੈ। ਖੇਤ ਵਿਚਾਲੇ ਹੀ ਮੋਟਰ ਦੇ ਬਣਏ ਕਮਰੇ ਵਿਚ ਉਹ ਨਾਜਾਇਜ਼ ਸ਼ਰਾਬ ਬਣਾਉਂਦਾ ਹੈ। ਟੀਮ ਮੌਕੇ ‘ਤੇ ਪਹੁੰਚੀ ਤਾਂ ਉਥੋਂ ਦੋ ਡਰੱਮਾਂ ਵਿਚ 200 ਲੀਟਰ ਲਾਹਣ ਤੇ ਚਾਲੂ ਭੱਠੀ ਦਾ ਸਾਮਾਨ ਬਰਾਮਦ ਕੀਤਾ। ਸਾਮਾਨ ਗੱਡੀ ਵਿਚ ਲੱਦਣਾ ਸ਼ੁਰੂ ਕੀਤਾ ਤਾਂ ਲਖਵੀਰ ਸਿੰਘ ਗਾਲ੍ਹਾਂ ਕੱਢਣ ਲੱਗਾ। ਇਸੇ ਦੌਰਾਨ ਉਸ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਮੌਕੇ ‘ਤੇ ਬੁਲਾ ਲਿਆ। ਉਨ੍ਹਾਂ ਨੇ ਇਸ ‘ਤੇ ਬਾਘਾਪੁਰਾਣਾ ਪੁਲਿਸ ਤੋਂ ਮਦਦ ਮੰਗੀ ਪਰ ਪੁਲਿਸ ਸਮੇਂ ‘ਤੇ ਨਹੀਂ ਪਹੁੰਚ ਸਕੀ, ਪਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੇ ਹਥਿਆਰਬੰਦ ਸਾਥੀ ਵੱਡੀ ਗਿਣਤੀ ਵਿਚ ਮੌਕੇ ‘ਤੇ ਪਹੁੰਚ ਗਏ।
ਹਥਿਆਰਾਂ ਨਾਲ ਲੈਸ ਇਨ੍ਹਾਂ ਲੋਕਾਂ ਨੇ ਲੋਕਾਂ ਨੇ ਲਾਹਣ ਖੋਹ ਲਿਆ ਅਤੇ ਟੀਮ ਦੇ ਸਾਹਮਣੇ ਹੀ ਜ਼ਮੀਨ ‘ਤੇ ਰੋਹੜ ਦਿੱਤਾ। ਪੁਲਿਸ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੇ ਲਾਹਣ ਅਤੇ ਭੱਠੀ ਸਣੇ ਸਾਰੇ ਸਬੂਤ ਮਿਟਾ ਦਿੱਤੇ। ਪੁਲਿਸ ਨੇ ਇਸ ਮਾਮਲੇ ਵਿਚ ਐਕਸਾਈਜ਼ ਇੰਸਪੈਕਟਰ ਦੀ ਸ਼ਿਕਾਇਤ ‘ਤੇ 16 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਲਖਵੀਰ ਸਿੰਘ, ਦੀਪਾ, ਗੁਰਵਿੰਦਰ ਸਿੰਘ ਤੇ ਹੈਪੀ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।