ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਗਠਜੋੜ ਲਈ ਪ੍ਰਚਾਰ ਕਰਨ ਪੰਜਾਬ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਅਮਿਤ ਸ਼ਾਹ ਸਿਰ ‘ਤੇ ਪੱਗ ਬੰਨ੍ਹੀ ਨਜ਼ਰ ਆਏ।
ਅੰਮ੍ਰਿਤਸਰ ਦੌਰੇ ਦੌਰਾਨ ਅਮਿਤ ਸ਼ਾਹ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਬੰਦ ਕਮਰੇ ਵਿੱਚ ਹੋਈ ਬੈਠਕ ਵਿੱਚ ਕੀ ਗੱਲਬਾਤ ਹੋਈ ਇਹ ਗੱਲ ਪੂਰੀ ਤਰ੍ਹਾਂ ਗੁਪਤ ਰੱਖੀ ਜਾ ਰਹੀ ਹੈ। ਬੈਠਕ ਤੋਂ ਬਾਅਦ ਸ੍ਰੀ ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਸਿਰੋਪਾ ਦੇ ਕੇ ਸ਼ਾਹ ਤੇ ਉਨ੍ਹਾਂ ਨਾਲ ਆਏ ਹੋਰ ਲੀਡਰਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਦੇ ਨਾਲ ਬੀਜੇਪੀ ਨੇਤਾ ਤਰੁਣ ਚੁੱਘ, ਹਰਦੀਪ ਸਿੰਘ ਪੁਰੀ ਤੇ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ।
ਅਮਤ ਸ਼ਾਹ ਅੰਮ੍ਰਿਤਸਰ ਸਥਿਤ ਸ਼੍ਰੀ ਦੁਰਗਿਆਨਾ ਮੰਦਰ ਵੀ ਪਹੁੰਚੇ ਅਤੇ ਪੂਜਾ-ਅਰਚਨਾ ਕੀਤੀ। ਫਿਰ ਉਨ੍ਹਾਂ ਨੇ ਵਾਲਮੀਕਿ ਮੰਦਰ ਵਿੱਚ ਵੀ ਪੂਜਾ ਕੀਤੀ। ਅਮਿਤ ਸ਼ਾਹ ਨੇ ਕਿਹਾ ਕਿ ਮੈਂ ਵਾਲਮੀਕਿ ਮੰਦਰ ਵਿੱਚ ਪੂਜਾ-ਅਰਚਨਾ ਕੀਤੀ ਤੇ ਪ੍ਰਾਰਥਨਾ ਕੀਤੀ ਹੈ ਕਿ ਐੱਨ.ਡੀ.ਏ. ਦੀ ਅਗਵਾਈ ਵਾਲੀ ਸਰਕਾਰ ਵਿੱਚ ਧਰਮ ਪਰਿਵਰਤਨ ਨਾ ਹੋਵੇ।
ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਪਟਿਆਲਾ ਤੇ ਲੁਧਿਆਣਾ ਵਿੱਚ ਜਨ ਸਭਾ ਨੂੰ ਸੰਬੋਧਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰਸਤੇ ਨੂੰ ਸੁਰੱਖਿਅਤ ਨਹੀਂ ਕਰ ਸਕਦੀ, ਉਹ ਪੰਜਾਬ ਨੂੰ ਕੀ ਸੁਰੱਖਿਆ ਦੇਵੇਗੀ। ਸ਼ਾਹ ਨੇ ਇਹ ਗੱਲ ਐਤਵਾਰ ਦੇਰ ਸ਼ਾਮ ਅੰਮ੍ਰਿਤਸਰ ਦੇ ਰੰਜੀਤ ਐਵੇਨਿਊ ਵਿੱਚ ਆਯੋਜਿਤ ਭਾਜਪਾ ਰੈਲੀ ਵਿੱਚ ਕਹੀ।