ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ ਇੱਕ ਅੰਤਰਰਾਜੀ ਕਾਰ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਚਨਾ ਮੁਤਾਬਕ ਸਾਰਾ ਗੈਂਗ ਦਿੱਲੀ ਤੋਂ ਚੱਲ ਰਿਹਾ ਸੀ। ਮੁਲਜ਼ਮ ਰਾਤ ਸਮੇਂ ਬਲੂ ਲਿੰਕ ਡਿਵਾਈਸ ਦੀ ਮਦਦ ਨਾਲ ਕਾਰ ਦੇ ਸੈਂਟਰ ਲਾਕ ਨੂੰ ਹੈਕ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਬਾਅਦ ‘ਚ ਉਸ ਦਾ ਜੀਪੀਐਸ ਸਿਸਟਮ ਕੱਢ ਕੇ ਫਰਾਰ ਹੋ ਜਾਂਦੇ ਸੀ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ ਇੱਕ ਹੁੰਡਈ ਕ੍ਰੇਟਾ, ਇੱਕ ਬਰੇਜ਼ਾ, 2 ਸਵਿਫਟ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ। ਇਸ ਗਿਰੋਹ ਦਾ ਸਰਗਨਾ ਅਜੇ ਵੀ ਫਰਾਰ ਹੈ।
ਥਾਣਾ ਮਾਡਲ ਟਾਊਨ ਦੀ ਪੁਲਿਸ ਲਈ ਇਹ ਵੱਡੀ ਕਾਮਯਾਬੀ ਹੈ। ਥਾਣਾ ਮਾਡਲ ਟਾਊਨ ਦੀ SHO ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਮਿਤ ਸਿੰਘ ਉਰਫ਼ ਨਿਹਾਲ ਸਿੰਘ ਉਰਫ਼ ਰੋਹਿਤ ਵਾਸੀ ਗੁਰੂ ਨਾਨਕ ਨਗਰ ਅਤੇ ਅਖਿਲ ਸੱਭਰਵਾਲ ਉਰਫ਼ ਅਖਿਲ ਵਾਸੀ ਘਾਟੀ ਮੁਹੱਲਾ ਵਜੋਂ ਹੋਈ ਹੈ। ਦੋਸ਼ੀ ਸੁਮਿਤ ਬੀਟੈਕ ਗ੍ਰੈਜੂਏਟ ਹੈ। ਇਸ ਗਿਰੋਹ ਦੇ ਮੁੱਖ ਮੁਲਜ਼ਮ ਦੀਪੂ ਅਤੇ ਦਿੱਲੀ ਦੇ ਰਾਜਾ ਖਾਨ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਫਿਲਹਾਲ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇੰਸਪੈਕਟਰ ਗੁਰਸ਼ਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਪੂ ਅਤੇ ਰਾਜਾ ਖਾਨ ਮਾਸਟਰ ਚਾਬੀਆਂ ਬਣਾ ਕੇ ਸੁਮਿਤ ਅਤੇ ਅਖਿਲ ਨੂੰ ਭੇਜਦੇ ਸਨ। ਇਸ ਤੋਂ ਬਾਅਦ ਉਹ ਗਲੀਆਂ ਅਤੇ ਬਾਜ਼ਾਰਾਂ ਵਿੱਚ ਖੜ੍ਹੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਅਤੇ ਵਾਹਨਾਂ ਵਿੱਚ ਲਗਾਈ ਗਈ ਜੀਪੀਐਸ ਤਕਨੀਕ ਨੂੰ ਹੈਕ ਕਰਦੇ ਸੀ। ਕਾਰ ਚੋਰੀ ਕਰਨ ਤੋਂ ਬਾਅਦ ਮੁਲਜ਼ਮ ਗੱਡੀ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਲੈ ਜਾਂਦੇ ਸਨ।
ਇਹ ਵੀ ਪੜ੍ਹੋ : ਫਲਾਈਟ ‘ਚ ਯਾਤਰੀ ਵੱਲੋਂ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਰੋਕਣ ‘ਤੇ ਕਰੂ ਮੈਂਬਰ ‘ਤੇ ਕੀਤਾ ਹਮਲਾ
ਜਾਣਕਾਰੀ ਅਨੁਸਾਰ ਬਰਾਮਦ ਕੀਤੇ ਗਏ ਵਾਹਨਾਂ ਵਿੱਚੋਂ 2 ਲੁਧਿਆਣਾ ਤੋਂ ਚੋਰੀ ਦੇ ਹਨ, ਜਦਕਿ 3 ਦਿੱਲੀ ਦੇ ਵਾਹਨ ਦੱਸੇ ਜਾ ਰਹੇ ਹਨ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਅਖਿਲ ‘ਤੇ ਪਹਿਲਾਂ ਹੀ ਇਕ ਕਤਲ ਦਾ ਅਤੇ NDPS ਐਕਟ ਦੇ 2 ਕੇਸ ਦਰਜ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: