ਪੰਜਾਬ ਵਿੱਚ ਬਿਜਲੀ ਸੰਕਟ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਭਰ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਅਕਾਲੀਆਂ ਨੇ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚ ਸਥਿਤ ਬਿਜਲੀ ਬੋਰਡ ਦੇ ਦਫ਼ਤਰ ਨੇੜੇ ਧਰਨਾ ਦੇ ਕੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਇਸ ਮੁਜ਼ਾਹਰੇ ‘ਤੇ ਪਹੁੰਚੀ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ‘ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਅੱਠ ਘੰਟੇ ਲਗਾਤਾਰ ਬਿਜਲੀ ਮਿਲਦੀ ਸੀ, ਪਰ ਹੁਣ ਕਾਂਗਰਸ ਸਰਕਾਰ ਕਿਸਾਨਾਂ ਨੂੰ ਸਿਰਫ ਚਾਰ ਘੰਟੇ ਬਿਜਲੀ ਦੇ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਝੋਨਾ ਲਾਉਣ ਵਿੱਚ ਮੁਸ਼ਕਲ ਆ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਬਿਜਲੀ ਬਚਾਉਣ ਦੇ ਹੁਕਮਾਂ ‘ਤੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੇ ਮਹਿਲਾਂ ਵਿਚਲੇ ਏਸੀ ਬੰਦ ਕਰਕੇ ਬਿਜਲੀ ਦੀ ਬਚਤ ਕਰਨ ਅਤੇ ਹੁਕਮ ਜਾਰੀ ਕਰਕੇ ਗਰਮੀ ਵਿਚ ਆਮ ਲੋਕਾਂ ਦੀ ਜਾਨ ਨਾ ਲੈਣ।
ਐਮ ਪੀ ਬਾਦਲ ਨੇ ਕਿਹਾ ਕਿ 2007 ਤੋਂ 2017 ਤੱਕ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਖਤ ਮਿਹਨਤ ਕਰਕੇ ਰਾਜ ਨੂੰ ਅੱਗੇ ਤੋਰਿਆ, ਪਰ ਜਿਵੇਂ ਹੀ ਕੈਪਟਨ ਸਰਕਾਰ ਆਈ ਤਾਂ ਇਹ ਸੂਬੇ ਨੂੰ ਪੰਦਰਾਂ ਸਾਲ ਪਿੱਛੇ ਲੈ ਗਏ।
ਪ੍ਰਦਰਸ਼ਨ ਦੌਰਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਉਮੀਦਵਾਰ ਐਲਾਨਿਆ। ਉਨ੍ਹਾਂ ਦੋਸ਼ ਲਾਇਆ ਕਿ ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰਾਂ ਨੇ ਸ਼ਹਿਰ ਦੇ ਲੋਕਾਂ ਨੂੰ ਲੁੱਟਿਆ ਹੈ ਅਤੇ ਮਨਪ੍ਰੀਤ ਬਾਦਲ ਝੂਠੇ ਵਾਅਦੇ ਕਰਕੇ ਚੋਣਾਂ ਜਿੱਤ ਗਏ ਸਨ।
ਇਹ ਵੀ ਪੜ੍ਹੋ : ਬਿਜਲੀ ਦੀ ਕਿੱਲਤ ਦੌਰਾਨ ਮੁਲਾਜ਼ਮਾਂ ਦੀ ਹੜਤਾਲ ਨੇ ਸੁਕਣੇ ਪਾਏ ਪੰਜਾਬੀ, 14-14 ਘੰਟੇ ਲੱਗ ਰਹੇ ਕੱਟ, ਝੋਨਾ ਲਾਉਣ ਵਾਲੇ ਕਿਸਾਨਾਂ ਦੇ ਹੋਰ ਵੀ ਮੰਦੇਹਾਲ
ਪਰ ਹੁਣ ਲੋਕਾਂ ਦਾ ਸਬਰ ਟੁੱਟ ਗਿਆ ਹੈ ਅਤੇ ਉਹ ਬੇਸਬਰੀ ਨਾਲ 2022 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ। ਸੰਸਦ ਮੈਂਬਰ ਬਾਦਲ ਨੇ ਕਿਹਾ ਕਿ ਨਾਮ ਪਿੱਛੇ ਬਾਦਲ ਹੋਣ ਕਾਰਨ ਕੋਈ ਵੀ ਉਸਦੇ ਪਰਿਵਾਰ ਵਰਗਾ ਨਹੀਂ ਬਣ ਸਕਦਾ।