Black Fungus Case in Moga : ਪੰਜਾਬ ਵਿੱਚ ਬਲੈਕ ਫੰਗਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੋਰੋਨਾ ਤੋਂ ਵੀ ਖਤਰਨਾਕ ਇਸ ਬੀਮਾਰੀ ਨੂੰ ਲੈ ਕੇ ਡਾਕਟਰ ਵੀ ਚਿੰਤਾ ਵਿੱਚ ਪਏ ਹੋਏ ਹਨ। ਹੁਣ ਇਸ ਬੀਮਾਰੀ ਨੇ ਮੋਗਾ ਜ਼ਿਲ੍ਹੇ ਵਿੱਚ ਵੀ ਦਸਤਕ ਦੇ ਦਿੱਤੀ ਹੈ।
ਮੋਗਾ ਵਿੱਚ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮੋਗਾ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਇੱਕ ਮਰੀਜ਼ ਆਇਆ ਸੀ ਜੋ ਪਹਿਲਾਂ ਕੋਰੋਨਾ ਪਾਜ਼ੀਟਿਵ ਸੀ। ਠੀਕ ਹੋਣ ਤੋਂ ਬਾਅਦ ਜਦੋਂ ਉਹ ਅੱਖਾਂ ਵਿੱਚ ਸੋਜ ਦੀ ਦਵਾਈ ਲੈਣ ਆਇਆ ਤਾਂ ਸਾਨੂੰ ਉਸ ਵਿੱਚ ਬਲੈਕ ਫੰਗਸ ਦੇ ਲੱਛਣ ਮਿਲੇ।
ਉਸ ਦੀ ਸਕੈਨਿੰਗ ਕਰਵਾਉਣ ’ਤੇ ਉਸ ਵਿੱਚ ਬਲੈਕ ਫੰਗਸ ਦੇ ਲੱਛਣ ਪਾਏ ਗਏ, ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਉਥੇ ਮਰੀਜ਼ ਦਾ ਆਪ੍ਰੇਸ਼ਨ ਹੋ ਗਿਆ ਹੈ ਅਤੇ ਉਹ ਹੌਲੀ-ਹੌਲੀ ਰਿਕਵਰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪਟਿਆਲਾ : ਡਿਲਵਰੀ ਦੌਰਾਨ ਔਰਤ ਦੀ ਮੌਤ, ਭੜਕੇ ਪਰਿਵਾਰ ਵਾਲਿਆਂ ਨੇ ਹਸਪਤਾਲ ‘ਤੇ ਲਾਏ ਲਾਪਰਵਾਹੀ ਦੇ ਦੋਸ਼
ਦੱਸਣਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਅੱਜ ਬਲੈਕ ਫੰਗਸ ਦੇ 9 ਹੋਰ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਸਾਹਮਣੇ ਆਏ ਮਰੀਜ਼ 34 ਤੋਂ 70 ਸਾਲ ਦੀ ਉਮਰ ਵਰਗ ਦੇ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚ ਪੰਜ ਔਰਤਾਂ ਵੀ ਸ਼ਾਮਲ ਹਨ। ਇਹ ਸਾਰੇ ਮਰੀਜ਼ ਕੋਰੋਨਾ ਦੀ ਲਾਗ ਤੋਂ ਬਾਅਦ ਬਲੈਕ ਫੰਗਸ ਦੇ ਸ਼ਿਕਾਰ ਹੋ ਗਏ ਹਨ।